ਫੈਡਰੇਸ਼ਨ ਆਫ ਆਟੋਮੋਬਾਈਲ ਡੀਲਰਜ਼ ਐਸੋਸੀਏਸ਼ਨ (FADA) ਨੇ ਪਿਛਲੇ ਮਹੀਨੇ ਦੇਸ਼ ਭਰ ਵਿੱਚ ਵਾਹਨਾਂ ਦੀ ਵਿਕਰੀ ਬਾਰੇ ਇੱਕ ਰਿਪੋਰਟ ਜਾਰੀ ਕੀਤੀ ਹੈ। ਜਿਸ ਦੇ ਅਨੁਸਾਰ ਅਕਤੂਬਰ 2024 ਵਿੱਚ ਵਾਹਨਾਂ ਦੀ ਵਿਕਰੀ ਵਿੱਚ ਸਾਲ ਦਰ ਸਾਲ ਵਾਧਾ ਦਰਜ ਕੀਤਾ ਗਿਆ ਹੈ। FADA ਵੱਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਦੇਸ਼ ਭਰ ਵਿੱਚ ਕਿਹੜੇ ਹਿੱਸੇ ਵਿੱਚ ਕਿੰਨੇ ਵਾਹਨ ਵੇਚੇ ਗਏ ਹਨ। ਆਓ ਜਾਣਦੇ ਹਾਂ।
ਮੁੰਬਈ (ਪੀਟੀਆਈ) : ਭਾਰਤ ’ਚ ਵਾਹਨਾਂ ਦੀ ਪਰਚੂਨ ਵਿਕਰੀ ਅਕਤੂਬਰ ’ਚ ਸਾਲਾਨਾ ਆਧਾਰ ’ਤੇ 32 ਫ਼ੀਸਦੀ ਵੱਧ ਕੇ 28,32,944 ਇਕਾਈਆਂ ਹੋ ਗਈ। ਦੋਪਹੀਆ ਤੇ ਯਾਤਰੀ ਵਾਹਨਾਂ ਸਮੇਤ ਸਾਰੇ ਵਰਗਾਂ ’ਚ ਮਜ਼ਬੂਤ ਵਾਧਾ ਦਰਜ ਕੀਤਾ ਗਿਆ। ਅਕਤੂਬਰ 2023 ’ਚ ਪਰਚੂਨ ਵਿਕਰੀ 21,43,929 ਇਕਾਈਆਂ ਸੀ।
ਫੈਡਰੇਸ਼ਨ ਆਫ ਆਟੋਮੋਬਾਈਲ ਡੀਲਰਜ਼ ਐਸੋਸੀਏਸ਼ਨ (ਫਾਡਾ) ਦੇ ਅਨੁਸਾਰ, ਇਸ ਸਾਲ ਅਕਤੂਬਰ ’ਚ ਮਜ਼ਬੂਤ ਵਾਧੇ ਦੀ ਮੁੱਖ ਵਜ੍ਹਾ ਮਜ਼ਬੂਤ ਪੇਂਡੂ ਮੰਗ ਰਹੀ। ਖਾਸ ਕਰਕੇ ਦੋਪਹੀਆ ਤੇ ਯਾਤਰੀ ਵਾਹਨਾਂ ਦੀ ਵਿਕਰੀ ’ਚ ਤੇਜ਼ੀ ਤੇ ਹਾੜੀ ਦੀਆਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ’ਚ ਵਾਧੇ ਨਾਲ ਸਮਰਥਨ ਮਿਲਿਆ। ਯਾਤਰੀ ਵਾਹਨਾਂ ਦੀ ਵਿਕਰੀ 32.38 ਫ਼ੀਸਦੀ ਵੱਧ ਕੇ 4,83,159 ਇਕਾਈਆਂ ਹੋ ਗਈ, ਜੋ ਅਕਤੂਬਰ 2023 ’ਚ 3,64,991 ਇਕਾਈਆਂ ਸੀ।
ਦੋਪਹੀਆ ਵਾਹਨਾਂ ਦੀ ਵਿਕਰੀ ਪਿਛਲੇ ਮਹੀਨੇ 36.35 ਫ਼ੀਸਦੀ ਵੱਧ ਕੇ 20,65,095 ਇਕਾਈਆਂ ਰਹੀ, ਜੋ ਅਕਤੂਬਰ 2023 ’ਚ 15,14,634 ਇਕਾਈਆਂ ਸੀ। ਅਕਤੂਬਰ 2024 ’ਚ ਤਿੰਨਪਹੀਆ ਵਾਹਨਾਂ ਦੀ ਵਿਕਰੀ ਸਾਲਾਨਾ ਆਧਾਰ ’ਤੇ 11.45 ਫ਼ੀਸਦੀ ਵੱਧ ਕੇ 1,22,846 ਹੋ ਗਈ। ਫਾਡਾ ਅਨੁਸਾਰ, ਅਕਤੂਬਰ ’ਚ ਟਰੈਕਟਰ ਦੀ ਵਿਕਰੀ 3.08 ਫੀਸਦੀ ਵੱਧ ਕੇ 64,433 ਇਕਾਈਆਂ ਹੋ ਗਈ, ਜਦਕਿ ਇਕ ਸਾਲ ਪਹਿਲਾਂ ਇਸੇ ਮਹੀਨੇ ’ਚ 62,542 ਇਕਾਈਆਂ ਸੀ।
ਉਦਯੋਗ ਸੰਗਠਨ ਅਨੁਸਾਰ, ਅਕਤੂਬਰ ’ਚ ਅਹਿਮ ਤਿਉਹਾਰਾਂ (ਨਰਾਤਿਆਂ ਤੇ ਦੀਵਾਲੀ) ਦੇ ਇਕੱਠਿਆਂ ਆਉਣ ਨਾਲ ਖਪਤਕਾਰ ਮੰਗ ’ਚ ਜ਼ਿਕਰਯੋਗ ਵਾਧਾ ਹੋਇਆ। ਆਕਰਸ਼ਕ ਤਿਉਹਾਰੀ ‘ਆਫਰ’, ਨਵੇਂ ਮਾਡਲ ਪੇਸ਼ ਹੋਣ ਤੇ ਬਿਹਤਰ ਉਪਲੱਬਧਤਾ ਨਾਲ ਦੋਪਹੀਆ ਵਾਹਨਾਂ ਦੀ ਵਿਕਰੀ ’ਚ ਸਾਲਾਨਾ ਆਧਾਰ ’ਤੇ 36 ਫ਼ੀਸਦੀ ਤੇ ਮਹੀਨਾਵਾਰ ਆਧਾਰ ’ਤੇ 71 ਫ਼ੀਸਦੀ ਦਾ ਵਾਧਾ ਹੋਇਆ। ਇਸ ਤੋਂ ਇਲਾਵਾ ਪੇਂਡੂ ਮੰਗ, ਅਨੁਕੂਲ ਮੌਨਸੂਨ ਤੇ ਚੰਗੀ ਫ਼ਸਲ ਦੀਆਂ ਉਮੀਦਾਂ ਨੇ ਵੀ ਵਾਧੇ ’ਚ ਯੋਗਦਾਨ ਦਿੱਤਾ। ਉਥੇ ਹੀ, ਯਾਤਰੀ ਵਾਹਨਾਂ ਦੀ ਵਿਕਰੀ ਸਾਲਾਨਾ ਆਧਾਰ ’ਤੇ 32 ਫ਼ੀਸਦੀ ਤੇ ਮਹੀਨਾਵਾਰ ਆਧਾਰ ’ਤੇ 75 ਫ਼ੀਸਦੀ ਵਧੀ। ਇਹ ਤਿਉਹਾਰੀ ਮੰਗ, ਬਿਹਤਰੀਨ ‘ਆਫਰ’ ਤੇ ਨਵੇਂ ਮਾਡਲ ਪੇਸ਼ ਹੋਣ ਨਾਲ ਪ੍ਰੇਰਿਤ ਰਹੀ। ਫਾਡਾ ਮੋਟਰ ਵਾਹਨ ਉਦਯੋਗ ਦੇ ਨੇੜਲੇ ਭਵਿੱਖ ਦੇ ਵਾਧੇ ਨੂੰ ਲੈ ਕੇ ਵੀ ਆਸ਼ਾਵਾਦੀ ਹੈ, ਖਾਸ ਕਰਕੇ ਆਉਣ ਵਾਲੇ ਵਿਆਹਾਂ ਦੇ ਸੀਜ਼ਨ ਨੂੰ ਦੇਖਦੇ ਹੋਏ। ਹਾਲਾਂਕਿ, ਵਧੇਰੇ ਸਟਾਕ ਤੇ ਆਰਥਿਕ ਹਾਲਾਤ ਵਰਗੀਆਂ ਸੰਭਾਵੀ ਚੁਣੌਤੀਆਂ ਸਾਲ ਦੇ ਅੰਤ ’ਚ ਵਿਕਰੀ ਦੀ ਰਫ਼ਤਾਰ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।