ਜੰਗਲ ਦੀ ਅੱਗ ਨੇ ਅਲਬਰਟਾ ਸੂਬੇ ਦੇ ਜੈਸਪਰ ਸ਼ਹਿਰ ਤੇ ਨਾਲ ਲੱਗਦੇ ਨੈਸ਼ਨਲ ਪਾਰਕ ਨੂੰ ਸਵਾਹ ਕਰ ਦਿੱਤਾ ਹੈ। ਕਈ ਦਿਨਾਂ ਤੋਂ ਜੰਗਲਾਂ ’ਚ ਲੱਗੀ ਅੱਗ ਕੱਲ੍ਹ ਰਾਤੀਂ ਸੰਘਣੀ ਅਬਾਦੀ ਤੱਕ ਪਹੁੰਚ ਗਈ ਹੈ। ਲੰਘੀ ਰਾਤ ਤੱਕ ਅੱਧੇ ਤੋਂ ਵੱਧ ਘਰ ਅੱਗ ਦੀ ਭੇਟ ਚੜ੍ਹਨ ਦੀ ਜਾਣਕਾਰੀ ਮਿਲੀ ਸੀ। ਅੱਗ ਨੇ 921 ਵਰਗ ਕਿਲੋਮੀਟਰ ਖੇਤਰ ’ਚ ਫੈਲੇ 5000 ਕੁ ਹਜ਼ਾਰ ਅਬਾਦੀ ਵਾਲੇ ਕਸਬੇ ਨੂੰ ਚੁਫੇਰਿਓਂ ਘੇਰ ਲਿਆ ਸੀ। ਸਮੇਂ ਸਿਰ ਘਰ ਖਾਲੀ ਕਰਵਾ ਲਏ ਜਾਣ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੈ।
ਸੂਬੇ ਦੀ ਮੁੱਖ ਮੰਤਰੀ ਡੈਨੀਅਲ ਸਮਿੱਥ ਪ੍ਰੈਸ ਕਾਨਫਰੰਸ ਦੌਰਾਨ ਪੀੜਤ ਲੋਕਾਂ ਦੀ ਗੱਲ ਕਰਦਿਆਂ ਆਪਣੇ ਜਜ਼ਬਾਤਾਂ ਨੂੰ ਨਹੀਂ ਲੁਕਾ ਸਕੇ। ਉਨ੍ਹਾਂ ਭਰੇ ਹੋਏ ਮਨ ਨਾਲ ਭਰੋਸਾ ਦਿੱਤਾ ਕਿ ਕੁਦਰਤੀ ਕਰੋਪੀ ਦੀ ਮਾਰ ਹੇਠ ਆਏ ਸਾਰੇ ਲੋਕਾਂ ਦੇ ਮੁੜ ਵਸੇਬੇ ਦੇ ਪੂਰੇ ਪ੍ਰਬੰਧ ਸਰਕਾਰ ਵਲੋਂ ਕੀਤੇ ਜਾਣਗੇ। ਕਸਬੇ ਦੇ ਨਾਲ ਲੱਗਦੇ ਨੈਸ਼ਨਲ ਪਾਰਕ ’ਚ ਸੈਲਾਨੀਆਂ ਦੀ ਆਮਦ ਸਥਾਨਕ ਲੋਕਾਂ ਦੀ ਰੋਜ਼ੀ-ਰੋਟੀ ਦਾ ਵਸੀਲਾ ਸੀ, ਪਰ ਪਾਰਕ ਦਾ ਸਮੁੱਚਾ ਢਾਂਚਾ ਅੱਗ ਦੀ ਭੇਟ ਚੜਨ ਦੀਆਂ ਰਿਪੋਰਟਾਂ ਹਨ। ਕੌਮੀ ਆਫਤ ਮੰਤਰੀ ਹਰਜੀਤ ਸਿੰਘ ਸੱਜਣ ਕੈਲਗਰੀ ਪਹੁੰਚ ਗਏ ਹਨ ਤੇ ਹਾਲਾਤ ਉੱਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਸੂਬਾ ਸਰਕਾਰ ਅਤੇ ਪੀੜਤ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਜਿਵੇਂ ਹੀ ਅੱਗ ਦਾ ਕਹਿਰ ਰੁਕਦਾ ਹੈ, ਮੁੜ-ਵਸੇਬਾ ਕਾਰਜ ਸ਼ੁਰੂ ਕਰ ਦਿੱਤੇ ਜਾਣਗੇ।