ਭਾਰਤ ਤੇ ਕੁਵੈਤ ਦਰਮਿਆਨ ਫੀਫਾ ਵਿਸ਼ਵ ਕੱਪ 2026 ਕੁਆਲੀਫਾਇਰ ਦਾ ਮੈਚ ਗੋਲ ਰਹਿਤ ਡਰਾਅ ਰਿਹਾ। ਭਾਰਤ ਦੇ ਤਲਿਸਮਈ ਫੁਟਬਾਲਰ ਸੁਨੀਲ ਛੇਤਰੀ ਦਾ ਇਹ ਆਖ਼ਰੀ ਕੌਮਾਂਤਰੀ ਮੈਚ ਸੀ। ਮੁਕਾਬਲਾ ਡਰਾਅ ਰਹਿਣ ਕਰਕੇ ਭਾਰਤ ਦਾ ਕੁਆਲੀਫਾਇਰਜ਼ ਦੇ ਤੀਜੇ ਗੇੜ ਵਿਚ ਪਹੁੰਚਣਾ ਬਹੁਤ ਮੁਸ਼ਕਲ ਹੋ ਗਿਆ ਹੈ। ਮੈਚ ਮਗਰੋਂ ਭਾਰਤ ਨੂੰ ਪੰਜ ਪੁਆਇੰਟ ਮਿਲੇ ਹਨ ਤੇ ਉਹ 11 ਜੁਨ ਨੂੰ ਆਪਣੇ ਫਾਈਨਲ ਮੁਕਾਬਲੇ ਵਿਚ ਏਸ਼ਿਆਈ ਚੈਂਪੀਅਨ ਕਤਰ ਖਿਲਾਫ਼ ਖੇਡੇਗਾ। ਉਧਰ ਕੁਵੈਤ ਜਿਸ ਦੇ ਚਾਰ ਅੰਕ ਹਨ ਉਸੇ ਦਿਨ ਅਫ਼ਗ਼ਾਨਿਸਤਾਨ ਨਾਲ ਖੇਡੇਗਾ। ਅੱਜ ਦੇ ਮੈਚ ਮਗਰੋਂ ਛੇਤਰੀ (39) ਦਾ 19 ਸਾਲ ਦਾ ਸ਼ਾਨਦਾਰ ਕੌਮਾਂਤਰੀ ਕਰੀਅਰ ਖ਼ਤਮ ਹੋ ਗਿਆ। ਪੁਰਤਗਾਲ ਦੇ ਸੁਪਰਸਟਾਰ ਕ੍ਰਿਸਟਿਆਨੋ ਰੋਨਾਲਡੋ (128), ਇਰਾਨ ਦੇ ਅਲੀ ਦਾਈ (108) ਤੇ ਅਰਜਟੀਨਾ ਦੇ ਲਿਓਨਲ ਮੈਸੀ (106) ਮਗਰੋਂ ਛੇਤਰੀ ਚੌਥਾ ਖਿਡਾਰੀ ਹੈ ਜਿਸ ਨੇ ਕੌਮਾਂਤਰੀ ਫੁਟਬਾਲ ਵਿਚ 94 ਗੋਲ ਕੀਤੇ ਹਨ। ਛੇਤਰੀ ਨੇ 16 ਮਈ ਨੂੰ ਕੌਮਾਂਤਰੀ ਫੁਟਬਾਲ ਨੂੰ ਅਲਵਿਦਾ ਕਹਿਣ ਦਾ ਐਲਾਨ ਕੀਤਾ ਸੀ। ਕੌਮਾਂਤਰੀ ਖੇਡ ਨੂੰ ਅਲਵਿਦਾ ਆਖਣ ਮੌਕੇ ਸਾਲਟ ਲੇਕ ਸਟੇਡੀਅਮ ਵਿਚ ਛੇਤਰੀ ਦੇ ਮਾਤਾ-ਪਿਤਾ ਤੇ ਪਤਨੀ, ਕਈ ਸਾਬਕਾ ਖਿਡਾਰੀਆਂ ਤੇ ਅਧਿਕਾਰੀਆਂ ਸਣੇ 68000 ਦੇ ਕਰੀਬ ਦਰਸ਼ਕ ਮੌਜੂਦ ਸਨ। ਉਂਜ ਛੇਤਰੀ ਇੰਡੀਅਨ ਸੁਪਰ ਲੀਗ ਵਿਚ ਬੰਗਲੂਰੂ ਐੱਫਸੀ ਵੱਲੋਂ ਅਜੇ ਦੋ ਹੋਰ ਸਾਲ ਖੇਡਦਾ ਰਹੇਗਾ। ਛੇਤਰੀ ਦਾ ਬੰਗਲੂਰੂ ਨਾਲ ਅਗਲੇ ਸਾਲ ਤੱਕ ਕਰਾਰ ਹੈ।