ਸ੍ਰੀਲੰਕਾ ਨੇ ਯੁੱਧ ਕਾਰਨ ਵਧੇ ਹੋਏ ਵੀਜ਼ੇ ‘ਤੇ ਦੇਸ਼ ‘ਚ ਰਹਿ ਰਹੇ ਹਜ਼ਾਰਾਂ ਰੂਸੀ ਅਤੇ ਯੂਕਰੇਨੀ ਸੈਲਾਨੀਆਂ ਨੂੰ ਦੋ ਹਫ਼ਤਿਆਂ ਦੇ ਅੰਦਰ ਦੇਸ਼ ਛੱਡਣ ਲਈ ਕਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਮੀਗ੍ਰੇਸ਼ਨ ਕੰਟਰੋਲਰ ਨੇ ਸੈਰ ਸਪਾਟਾ ਮੰਤਰਾਲੇ ਨੂੰ ਨੋਟਿਸ ਜਾਰੀ ਕਰਕੇ ਸੂਚਿਤ ਕਰ ਦਿੱਤਾ ਹੈ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਰੂਸੀ ਅਤੇ ਯੂਕਰੇਨੀ ਸੈਲਾਨੀਆਂ ਨੂੰ 23 ਫਰਵਰੀ ਤੋਂ ਬਾਅਦ ਅਗਲੇ ਦੋ ਹਫ਼ਤਿਆਂ ਵਿੱਚ ਦੇਸ਼ ਛੱਡਣਾ ਹੋਵੇਗਾ ਕਿਉਂਕਿ ਉਨ੍ਹਾਂ ਦੇ ਵੀਜ਼ੇ ਦੀ ਮਿਆਦ ਖਤਮ ਹੋ ਗਈ ਹੈ।
ਹਾਲਾਂਕਿ, ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਦੇ ਦਫ਼ਤਰ ਨੇ ਇੱਕ ਸਰਕੂਲਰ ਜਾਰੀ ਕਰਕੇ ਕਿਹਾ ਕਿ ਉਸਨੇ ਇਸ ਗੱਲ ਦੀ ਜਾਂਚ ਦੇ ਆਦੇਸ਼ ਦਿੱਤੇ ਹਨ ਕਿ ਕਿਵੇਂ ਵਧਾਏ ਵੀਜ਼ੇ ਨੂੰ ਰੱਦ ਕਰਨ ਦਾ ਫੈਸਲਾ ਕੈਬਨਿਟ ਦੀ ਮਨਜ਼ੂਰੀ ਤੋਂ ਬਿਨਾਂ ਲਿਆ ਗਿਆ। ਪ੍ਰੈਜ਼ੀਡੈਂਸ਼ੀਅਲ ਮੀਡੀਆ ਡਿਵੀਜ਼ਨ ਨੇ ਕਿਹਾ ਕਿ ਸ਼੍ਰੀਲੰਕਾ ਸਰਕਾਰ ਨੇ ਇਨ੍ਹਾਂ ਸੈਲਾਨੀਆਂ ਨੂੰ ਪਹਿਲਾਂ ਦਿੱਤੇ ਵੀਜ਼ਾ ਐਕਸਟੈਂਸ਼ਨ ਨੂੰ ਰੱਦ ਕਰਨ ਦਾ ਅਧਿਕਾਰਤ ਤੌਰ ‘ਤੇ ਫੈਸਲਾ ਨਹੀਂ ਕੀਤਾ ਹੈ।
ਰੂਸ ਅਤੇ ਯੂਕਰੇਨ ਵਿਚਕਾਰ ਜੰਗ ਸ਼ੁਰੂ ਹੋਣ ਦੇ ਕਾਰਨ, ਦੋਵਾਂ ਯੂਰਪੀਅਨ ਦੇਸ਼ਾਂ ਦੇ ਸੈਲਾਨੀਆਂ ਨੂੰ ਦੇਸ਼ ਵਿੱਚ ਲੰਬੇ ਸਮੇਂ ਤੱਕ ਠਹਿਰਣ ਦੀ ਆਗਿਆ ਦਿੱਤੀ ਗਈ ਸੀ। 2022 ਵਿਚ ਯੁੱਧ ਸ਼ੁਰੂ ਹੋਣ ਤੋਂ ਬਾਅਦ ਲਗਭਗ 3,00,000 ਰੂਸੀ ਅਤੇ 20,000 ਯੂਕ੍ਰੇਨੀਅਨ ਸ਼੍ਰੀਲੰਕਾ ਵਿਚ ਆ ਚੁੱਕੇ ਹਨ। ਦੋ ਸਾਲਾਂ ਤੋਂ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਜੰਗ ਕਾਰਨ ਕਾਫੀ ਜਾਨ-ਮਾਲ ਦਾ ਨੁਕਸਾਨ ਹੋ ਚੁੱਕਾ ਹੈ। ਇਸ ਦੇ ਨਾਲ ਹੀ ਦੋਹਾਂ ਦੇਸ਼ਾਂ ਤੋਂ ਨਾਗਰਿਕਾਂ ਦਾ ਵੱਡੇ ਪੱਧਰ ‘ਤੇ ਪ੍ਰਵਾਸ ਦੇਖਿਆ ਗਿਆ ਹੈ।