ਔਟਵਾ : ਨੈਸ਼ਨਲ ਡੈਂਟਲ ਇੰਸ਼ੋਰੈਂਸ ਪ੍ਰੋਗਰਾਮ ਫੈਡਰਲ ਸਰਕਾਰ ਦਾ ਪਿਛਲੇ ਦਿਨੀਂ ਸ਼ੁਰੂ ਕਰ ਦਿੱਤਾ ਗਿਆ ਪਰ ਇਸ ਦੇ ਨਾਲ ਹੀ ਕੈਨੇਡੀਅਨ ਸੈਂਟਰ ਫੌਰ ਪਾਲਿਸੀ ਆਲਟਰਨੇਟਿਵਜ਼ (ਸੀਸੀਪੀਏ) ਵੱਲੋਂ ਪੇਸ਼ ਕੀਤੀ ਗਈ ਨਵੀਂ ਰਿਪੋਰਟ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਕਿ ਇਸ ਯੋਜਨਾ ਤੋਂ ਕਈ ਕੈਨੇਡੀਅਨਜ਼ ਵਾਂਝੇ ਰਹਿ ਗਏ ਹਨ ਤੇ ਇਸ ਲਈ ਫੰਡਿੰਗ ਦੇ ਰੂਪ ਵਿੱਚ 1.45 ਬਿਲੀਅਨ ਡਾਲਰ ਹੋਰ ਚਾਹੀਦੇ ਹੋਣਗੇ।
ਕੈਨੇਡੀਅਨ ਡੈਂਟਲ ਕੇਅਰ ਪਲੈਨ ਲਈ ਯੋਗਤਾ ਪੂਰੀ ਕਰਨ ਵਾਲੇ ਬਿਨੈਕਾਰਾਂ ਦੀ ਸਾਲਾਨਾ ਆਮਦਨ 90,000 ਡਾਲਰ ਤੋਂ ਘੱਟ ਹੋਣੀ ਚਾਹੀਦੀ ਹੈ ਤੇ ਉਨ੍ਹਾਂ ਦੀ ਕੋਈ ਡੈਂਟਲ ਕਵਰੇਜ ਵੀ ਨਹੀਂ ਹੋਣੀ ਚਾਹੀਦੀ। ਪਰ ਮੰਗਲਵਾਰ ਨੂੰ ਜਾਰੀ ਕੀਤੀ ਗਈ ਆਪਣੀ ਰਿਪੋਰਟ ਵਿੱਚ ਸੀਸੀਪੀਏ ਨੇ ਆਖਿਆ ਕਿ ਇਹ ਆਮਦਨ ਸਬੰਧੀ ਮਾਪਦੰਡ ਕਾਫੀ ਸੀਮਤ ਹਨ। ਸੀਸੀਪੀਏ ਦੇ ਸੀਨੀਅਰ ਇਕਨੌਮਿਸਟ ਡੇਵਿਡ ਮੈਕਡੌਨਲਡ ਨੇ ਆਖਿਆ ਕਿ ਕੈਨੇਡਾ ਵਿੱਚ ਬੱਚਿਆਂ ਵਾਲੇ 59 ਫੀ ਸਦੀ ਪਰਿਵਾਰ 90,000 ਡਾਲਰ ਤੋਂ ਵੱਧ ਕਮਾਉਂਦੇ ਹਨ। ਪਰ ਇਸ ਤੋਂ ਵੱਧ ਆਮਦਨ ਵਾਲੇ ਪਰਿਵਾਰ ਫੈਡਰਲ ਡੈਂਟਲ ਕੇਅਰ ਕਵਰੇਜ ਤੋਂ ਵਾਂਝੇ ਰਹਿ ਜਾਣਗੇ।
ਕੈਨੇਡੀਅਨ ਡੈਂਟਲ ਕੇਅਰ ਪਲੈਨ ਸ਼ੁਰੂ ਕਰਨ ਤੋਂ ਪਹਿਲਾਂ ਫੈਡਰਲ ਸਰਕਾਰ ਨੇ ਦਸੰਬਰ 2022 ਵਿੱਚ ਕੈਨੇਡਾ ਡੈਂਟਲ ਬੈਨੇਫਿਟ ਦੀ ਪੇਸ਼ਕਸ਼ ਕਰਨੀ ਸ਼ੁਰੂ ਕੀਤੀ ਸੀ ਜਿਸ ਤਹਿਤ 90,000 ਡਾਲਰ ਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਦੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ 260 ਡਾਲਰ ਤੋਂ 650 ਡਾਲਰ ਤੱਕ ਦਾ ਦੰਦਾਂ ਦੇ ਇਲਾਜ ਦਾ ਖਰਚਾ ਦਿੱਤੇ ਜਾਣ ਦਾ ਪ੍ਰਬੰਧ ਸੀ। ਪਰ ਸੀਸੀਪੀਏ ਦਾ ਕਹਿਣਾ ਹੈ ਕਿ ਇਸ ਨਾਲ 12 ਸਾਲ ਤੋਂ ਘੱਟ ਉਮਰ ਦੇ 425,749 ਜਾਂ 35 ਫੀ ਸਦੀ ਬੱਚੇ ਇਸ ਸਹੂਲਤ ਤੋਂ ਸਿਰਫ ਇਸ ਲਈ ਵਾਂਝੇ ਰਹਿ ਜਾਣਗੇ ਕਿਉਂਕਿ ਉਨ੍ਹਾਂ ਦੇ ਪਰਿਵਾਰ ਦੀ ਆਮਦਨ ਜ਼ਿਆਦਾ ਹੈ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕੈਨੇਡਾ ਡੈਂਟਲ ਬੈਨੇਫਿਟ ਪ੍ਰੋਗਰਾਮ ਨੂੰ ਪੜਾਅਵਾਰ ਸ਼ੁਰੂ ਕੀਤਾ ਗਿਆ ਹੈ। ਸੱਭ ਤੋਂ ਪਹਿਲਾਂ ਬਜ਼ੁਰਗ ਇਸ ਪ੍ਰੋਗਰਾਮ ਦੇ ਯੋਗ ਹੋਣਗੇ ਤੇ ਉਨ੍ਹਾਂ ਲਈ ਦਸੰਬਰ 2023 ਤੋਂ ਮਈ 2024 ਤੱਕ ਇਹ ਪ੍ਰੋਗਰਾਮ ਚਲਾਇਆ ਜਾਵੇਗਾ। ਜਾਇਜ਼ ਡਿਸਐਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਤੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਇਸ ਸਾਲ ਜੂਨ ਤੋਂ ਇਸ ਪ੍ਰੋਗਰਾਮ ਲਈ ਅਪਲਾਈ ਕਰ ਸਕਣਗੇ ਤੇ ਬਾਕੀ ਸਾਰੇ ਯੋਗ ਕੈਨੇਡੀਅਨ 2025 ਵਿੱਚ ਇਸ ਪ੍ਰੋਗਰਾਮ ਨਾਲ ਜੁੜ ਸਕਣਗੇ।