ਮਾਰਚ -ਅਪ੍ਰੈਲ 2024 ‘ਚ ਨੀਦਰਲੈਂਡ ਵਿੱਚ ਪੰਜਾਬੀ ਖਿਡਾਰਨਾਂ ਕੌਮਾਂਤਰੀ ਮੈਚ ਖੇਡਣਗੀਆਂ
ਵੈਨਕੂਵਰ, (ਬਰਾੜ-ਭਗਤਾ ਭਾਈ ਕਾ): ਇਹ ਮਾਣ ਵਾਲੀ ਗੱਲ ਹੈ ਕਿ ਕੈਨੇਡਾ ਦੀ ਅੰਡਰ 17 ਲੜਕੀਆਂ ਦੀ ਜੂਨੀਅਰ ਨੈਸ਼ਨਲ ਟੀਮ ਵਿੱਚ, ਤਿੰਨ ਸਿੱਖ ਲੜਕੀਆਂ ਦੀ ਚੋਣ ਕੀਤੀ ਗਈ ਹੈ, ਜਿਨਾਂ ‘ਚ ਐਬਟਸਫੋਰਡ ਦੀ ਜੰਮਪਲ ਪੁਨੀਤ ਕੌਰ ਲਿੱਟ, ਸਰੀ ਨਾਲ ਸੰਬੰਧਤ ਅਮਾਨਤ ਕੌਰ ਢਿੱਲੋ ਅਤੇ ਵੈਨਕੂਵਰ ਦੀ ਰੈਨਾ ਕੌਰ ਧਾਲੀਵਾਲ ਸ਼ਾਮਿਲ ਹਨ। ਇਹ ਟੀਮ ਵਿੱਚ ਤਿੰਨ ਪੰਜਾਬੀ ਖਿਡਾਰਨਾਂ ਦੀ ਚੋਣ ‘ਤੇ ਪੰਜਾਬੀ ਭਾਈਚਾਰੇ ਸਮੇਤ ਸਮੂਹ ਕੈਨੇਡੀਅਨ ਨੇ ਮਾਣ ਮਹਿਸੂਸ ਕੀਤਾ ਹੈ। ਅਮਾਨਤ ਕੌਰ ਢਿੱਲੋਂ ਕੈਨੇਡਾ ਦੀ ਇੰਡੀਆ ਕਲੱਬ ਦੀ ਖਿਡਾਰਨ ਹੈ। ਇਸ ਤੋਂ ਇਲਾਵਾ ਰੈਨਾ ਕੌਰ ਧਾਲੀਵਾਲ ਵੈਨਕੂਵਰ ਦੇ ਪੋਲਰ ਬੀਅਰਸ ਕਲੱਬ ਨਾਲ ਸਬੰਧਿਤ ਹੈ ਅਤੇ ਪੁਨੀਤ ਕੌਰ ਲਿੱਟ ਐਬਟਸਫੋਰਡ ਦੀ ਖਿਡਾਰਨ ਹੈ।
ਕੈਨੇਡਾ ਦੀ ਨੈਸ਼ਨਲ ਟੀਮ ਅੰਡਰ 17 ਦੀਆਂ ਖਿਡਾਰਨਾਂ ਮਾਰਚ ਅਪ੍ਰੈਲ 2024 ਚ ਮੈਚ ਨੀਦਰਲੈਂਡ ਵਿੱਚ ਹਾਕੀ ਖੇਡਣਗੀਆਂ। ਪੁਨੀਤ ਕੌਰ ਲਿੱਟ ਦੇ ਪਿਤਾ ਜਸਮੇਲ ਸਿੰਘ ਲਿੱਟ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੁਨੀਤ ਕੌਰ ਦੀ ਸਫਲਤਾ ਅਤੇ ਉਸਦੇ 16ਵੇਂ ਜਨਮ ਦਿਨ ‘ਤੇ ਸ਼ੁਕਰਾਨੇ ਵਜੋਂ, ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੋਸਾਇਟੀ ਐਬਟਸਫੋਰਡ ਵਿਖੇ 19 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾ ਰਹੇ ਹਨ ਤੇ 21 ਜਨਵਰੀ ਦਿਨ ਐਤਵਾਰ ਨੂੰ ਭੋਗ ਪੈਣਗੇ। ਉਹਨਾਂ ਹਾਕੀ ਕੈਨੇਡਾ ਅਤੇ ਕੋਚ ਸਾਹਿਬਾਨ ਦਾ ਪਰਿਵਾਰ ਵੱਲੋਂ ਸ਼ੁਕਰਾਨਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਪੁਨੀਤ ਕੌਰ ਦਾ ਲਿੱਟ ਪਰਿਵਾਰ ਪਿੰਡ ਬੁਰਜ ਲਿੱਟਾਂ, ਜ਼ਿਲਾ ਲੁਧਿਆਣਾ ਦੇ ਸ. ਭਾਗ ਸਿੰਘ ਲਿੱਟ ਨਾਲ ਸੰਬੰਧਤ ਹੈ। ਕੈਨੇਡਾ ਵੱਸਦੇ ਸੌ ਤੋਂ ਵੱਧ ਪਰਿਵਾਰਾਂ ਦੇ ਮੁਖੀ ਅਤੇ ਸੌ ਸਾਲ ਤੋਂ ਲੰਮਾ ਜੀਵਨ ਗੁਜ਼ਾਰਨ ਵਾਲੇ ਸਵਰਗੀ ਭਾਗ ਸਿੰਘ ਲਿੱਟ ਨੇ ਪਿੰਡ ਵਿਚ ਸਕੂਲ ਸਥਾਪਨਾ, ਗੁਰਦੁਆਰਾ ਉਸਾਰੀ ਅਤੇ ਹੋਰ ਸੇਵਾ ਕਾਰਜਾਂ ‘ਚ ਵੱਡਮੁੱਲਾ ਯੋਗਦਾਨ ਪਾਇਆ, ਆਪਣੇ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜਿਆ ਅਤੇ ਮਾਨਵਵਾਦੀ ਸੋਚ ਦੀ ਗੁੜ੍ਹਤੀ ਦਿੱਤੀ।