ਇਸਲਾਮਾਬਾਦ (ਏਜੰਸੀ) : ਪਾਕਿਸਤਾਨ ’ਚ ਅੱਠ ਫਰਵਰੀ ਨੂੰ ਆਮ ਚੋਣਾਂ ਹੋਣੀਆਂ ਹਨ। ਇਸ ਹਾਲਤ ’ਚ ਸਿਆਸੀ ਪਾਰਟੀਆਂ ਨੇ ਆਪਣੀ ਤਿਆਰੀ ਤੇਜ਼ ਕਰ ਦਿੱਤੀ ਹੈ। ਹਾਲਾਂਕਿ ਲਾਹੌਰ ’ਚ ਮੰਗਲਵਾਰ ਸ਼ਾਮ ਨਵਾਜ਼ ਸ਼ਰੀਫ਼ ਦੀ ਅਗਵਾਈ ’ਚ ਉਨ੍ਹਾਂ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੀ ਰੈਲੀ ’ਚ ਅਨੋਖੀ ਘਟਨਾ ਵਾਪਰੀ। ਰੈਲੀ ’ਚ ਨਵਾਜ਼ ਹਮਾਇਤੀ ਸ਼ੇਰ ਤੇ ਬਾਘ ਲੈ ਕੇ ਪੁੱਜ ਗਏ। ਇਸ ਦੌਰਾਨ ਰੈਲੀ ’ਚ ਸ਼ਾਮਲ ਲੋਕਾਂ ਨੇ ਪਿੰਜਰੇ ’ਚ ਕੈਦ ਸ਼ੇਰ ਨਾਲ ਸੈਲਫੀ ਖਿੱਚੀ। ਇਸ ਤੋਂ ਪਹਿਲਾਂ ਵੀ ਕਈ ਵਾਰ ਪੀਐੱਮਐੱਲ-ਐੱਨ ਦੇ ਜਨਤਕ ਸਮਾਗਮਾਂ ’ਚ ਜੰਗਲੀ ਜਾਨਵਰਾਂ ਨੂੰ ਲਿਆਂਦਾ ਜਾ ਚੁੱਕਾ ਹੈ।
ਮੀਡੀਆ ਰਿਪੋਰਟ ਮੁਤਾਬਕ, ਪੀਐੱਮਐੱਲ-ਐੱਨ ਪਾਰਟੀ ਦੇ ਝੰਡੇ ’ਚ ਬਾਘ ਦੀ ਤਸਵੀਰ ਹੈ। ਇਸ ਹਾਲਤ ’ਚ ਹਮਾਇਤੀ ਨਵਾਜ਼ ਸ਼ਰੀਫ਼ ਦਾ ਸਵਾਗਤ ਕਰਨ ਲਈ ਸ਼ੇਰ ਤੇ ਬਾਘ ਲੈ ਕੇ ਪੁੱਜੇ ਸਨ। ਹਾਲਾਂਕਿ ਪਾਰਟੀ ਆਗੂ ਮਰੀਅਮ ਔਰੰਗਜ਼ੇਬ ਨੇ ‘ਐਕਸ’ ਪੋਸਟ ’ਚ ਕਿਹਾ ਕਿ ਰੈਲੀ ’ਚ ਹਮਾਇਤੀ ਵੱਲੋਂ ਲਿਆਂਦੇ ਗਏ ਸ਼ੇਰ ਨੂੰ ਨਵਾਜ਼ ਦੇ ਨਿਰਦੇਸ਼ ’ਤੇ ਵਾਪਸ ਭੇਜ ਦਿੱਤਾ ਗਿਆ ਹੈ। ਨਵਾਜ਼ ਨੇ ਨਾਰਾਜ਼ਗੀ ਪ੍ਰਗਟਾਉਂਦੇ ਹੋਏ ਹਮਾਇਤੀਆਂ ਨੂੰ ਰੈਲੀ ’ਚ ਸ਼ੇਰ ਜਾਂ ਕਿਸੇ ਜੰਗਲੀ ਜਾਨਵਰ ਨੂੰ ਨਾ ਲਿਆਉਣ ਦੀ ਅਪੀਲ ਕੀਤੀ ਹੈ।
ਫ਼ੌਜ ਹੀ ਪਿਤਾ ਨੂੰ ਬਰਤਾਨੀਆ ਤੋਂ ਵਾਪਸ ਲਿਆਈ : ਮਰੀਅਮ
ਸਾਬਕਾ ਪੀਐੱਮ ਨਵਾਜ਼ ਸ਼ਰੀਫ਼ ਦੀ ਧੀ ਮਰੀਅਮ ਨਵਾਜ਼ ਨੇ ਮੰਨਿਆ ਕਿ ਪਾਕਿ ਦੀ ਸ਼ਕਤੀਸ਼ਾਲੀ ਫ਼ੌਜ ਹੀ ਉਨ੍ਹਾਂ ਦੇ ਪਿਤਾ ਨੂੰ ਬਰਤਾਨੀਆ ਤੋਂ ਵਾਪਸ ਲੈ ਕੇ ਆਈ। ਬਰਤਾਨੀਆ ’ਚ ਪਿਤਾ ਚਾਰ ਸਾਲ ਸਵੈ-ਜਲਾਵਤਨੀ ’ਚ ਸਨ। ਇਹ ਗੱਲ ਉਨ੍ਹਾਂ ਨੇ ਬੁੱਧਵਾਰ ਨੂੰ ਨਨਕਾਣਾ ਸਾਹਿਬ ’ਚ ਰੈਲੀ ਦੌਰਾਨ ਕਹੀ। ਇੱਥੇ ਉਨ੍ਹਾਂ ਨੇ ਆਪਣੇ ਪਿਤਾ ਨਵਾਜ਼ ਸ਼ਰੀਫ਼ ਨਾਲ ਰੈਲੀ ਨੂੰ ਸੰਬੋਧਨ ਕੀਤਾ। ਇੱਥੇ ਸ਼ਰੀਫ਼ ਨੇ ਪਾਕਿਸਤਾਨ ਨੂੰ ਪਰਮਾਣੂ ਰਾਸ਼ਟਰ ਬਣਾਉਣ ਵਾਲੇ ਪ੍ਰਧਾਨ ਮੰਤਰੀ ਨੂੰ ਜੇਲ੍ਹ ’ਚ ਪਾਉਣ ਪਿੱਛੇ ਤਰਕ ’ਤੇ ਸਵਾਲ ਚੁੱਕਿਆ।