ਥਾਣਾ ਰਾਮਾਮੰਡੀ ਨੇੜਲੇ ਪਿੰਡ ਦਕੋਹਾ ਦੀ ਬਾਂਸਾਂ ਵਾਲੀ ਗਲੀ ’ਚ ਸੋਮਵਾਰ ਦੇਰ ਰਾਤ ਬਦਮਾਸ਼ਾਂ ਨੇ ਪੁਰਾਣੀ ਰੰਜਿਸ਼ ਤਹਿਤ ਇਕ ਨੌਜਵਾਨ ’ਤੇ ਗੋਲ਼ੀਆਂ ਚਲਾ ਦਿੱਤੀਆਂ। ਜ਼ਖ਼ਮੀ ਨੌਜਵਾਨ ਨੂੰ ਪਰਿਵਾਰ ਵਾਲੇ ਇਕ ਨਿੱਜੀ ਹਸਪਤਾਲ ’ਚ ਲੈ ਗਏ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮਰਨ ਵਾਲੇ ਨੌਜਵਾਨ ਦੀ ਪਛਾਣ ਰੋਹਿਤ ਉਰਫ਼ ਆਲੂ ਨਿਵਾਸੀ ਦਕੋਹਾ ਦੇ ਰੂਪ ’ਚ ਹੋਈ ਹੈ। ਮਿ੍ਰਤਕ ਦੀ ਭੈਣ ਛਾਇਆ ਨੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਮੁਹੱਲੇ ’ਚ ਛੇ-ਸੱਤ ਨੌਜਵਾਨ ਨਸ਼ੇ ਦਾ ਕਾਰੋਬਾਰ ਕਰਦੇ ਹਨ। ਰੋਹਿਤ ਉਨ੍ਹਾਂ ਦਾ ਵਿਰੋਧ ਕਰਦਾ ਸੀ ਜਿਸ ਕਾਰਨ ਉਕਤ ਨੌਜਵਾਨ ਉਸ ਨਾਲ ਰੰਜਿਸ਼ ਰੱਖਦੇ ਸਨ। ਉਨ੍ਹਾਂ ਨੇ ਹੀ ਉਸ ਦੇ ਭਰਾ ’ਤੇ ਗੋਲ਼ੀਆਂ ਚਲਾਈਆਂ। ਛਾਇਆ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਉਕਤ ਲੋਕਾਂ ਨੇ ਉਸ ਦੇ ਭਰਾ ’ਤੇ ਹਮਲਾ ਕੀਤਾ ਸੀ ਜਿਸ ਦੀ ਸ਼ਿਕਾਇਤ ਉਨ੍ਹਾਂ ਨੇ ਪੁਲਿਸ ਕੋਲ ਕੀਤੀ ਸੀ। ਪੁਲਿਸ ਨੇ ਜੇ ਵੇਲੇ ਸਿਰ ਕਾਰਵਾਈ ਕੀਤੀ ਹੁੰਦੀ ਤਾਂ ਰੋਹਿਤ ਅੱਜ ਜਿਊਂਦਾ ਹੁੰਦਾ।
ਰੋਹਿਤ ਦੀ ਪਿੱਠ ’ਚ ਗੋਲ਼ੀ ਲੱਗੀ ਜੋ ਕਾਫ਼ੀ ਅੰਦਰ ਤੱਕ ਧੱਸ ਗਈ ਜਿਸ ਕਾਰਨ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਸ ਦੀ ਮੌਤ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਹਾਈਵੇ ਜਾਮ ਕਰ ਦਿੱਤਾ ਤੇ ਦੋਸ਼ ਲਾਇਆ ਕਿ ਪੁਲਿਸ ਵਾਰਦਾਤ ਤੋਂ ਦੋ ਘੰਟੇ ਬਾਅਦ ਪੁੱਜੀ। ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਪਰਿਵਾਰਕ ਮੈਂਬਰਾਂ ਨੇ ਲਾਇਆ ਜਾਮ
ਮ੍ਰਿਤਕ ਦੀ ਭੈਣ ਛਾਇਆ ਨੇ ਦੋਸ਼ ਲਾਇਆ ਕਿ ਇਲਾਕੇ ਵਿੱਚ ਛੇ ਤੋਂ ਸੱਤ ਨੌਜਵਾਨ ਨਸ਼ੇ ਦਾ ਕਾਰੋਬਾਰ ਕਰਦੇ ਹਨ। ਰੋਹਿਤ ਉਨ੍ਹਾਂ ਦਾ ਵਿਰੋਧ ਕਰਦਾ ਸੀ, ਜਿਸ ਕਾਰਨ ਉਹ ਰੋਹਿਤ ਨਾਲ ਰੰਜਿਸ਼ ਰੱਖਦੇ ਸਨ। ਉਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਉਕਤ ਵਿਅਕਤੀਆਂ ਨੇ ਉਸ ਦੇ ਭਰਾ ’ਤੇ ਹਮਲਾ ਕੀਤਾ ਸੀ, ਜਿਸ ਸਬੰਧੀ ਉਸ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਪੀੜਤ ਪਰਿਵਾਰ ਨੇ ਦੋਸ਼ ਲਾਇਆ ਕਿ ਜੇ ਪੁਲਿਸ ਨੇ ਵੇਲੇ ਸਿਰ ਕਾਰਵਾਈ ਕੀਤੀ ਹੁੰਦੀ ਤਾਂ ਉਨ੍ਹਾਂ ਦਾ ਪੁੱਤਰ ਜਿਊਂਦਾ ਹੁੰਦਾ। ਰੋਹਿਤ ਦੀ ਪਿੱਠ ’ਤੇ ਗੋਲ਼ੀ ਲੱਗਣ ’ਤੇ ਜ਼ਖਮੀ ਹਾਲਤ ’ਚ ਜੌਹਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਸੀ। ਗੋਲ਼ੀ ਸਰੀਰ ਦੇ ਅੰਦਰ ਤੱਕ ਜਾ ਚੁੱਕੀ ਸੀ, ਜਿਸ ਕਾਰਨ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਮੌਤ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਹਾਈਵੇ ਜਾਮ ਕਰ ਦਿੱਤਾ ਤੇ ਦੋਸ਼ ਲਾਇਆ ਕਿ ਘਟਨਾ ਤੋਂ ਦੋ ਘੰਟੇ ਬਾਅਦ ਪੁਲਿਸ ਪੁੱਜੀ।
ਕਿੰਨਰ ਸਾਥੀਆਂ ਸਾਹਮਣੇ ਹੋਇਆ ਹਮਲਾ
ਜਿਸ ਵੇਲੇ ਰੋਹਿਤ ‘ਤੇ ਹਮਲਾ ਹੋਇਆ ਉਦੋਂ ਉਹ ਰਾਮਾਮੰਡੀ ‘ਚ ਆਪਣੇ ਦੋ ਕਿੰਨਰ ਸਾਤੀਆਂ ਰੋਸ਼ਨੀ ਤੇ ਅਲਕਾ ਨਾਲ ਕਿਸੇ ਕੰਮ ਜਾ ਰਿਹਾ ਸੀ। ਰੋਸ਼ਨੀ ਤੇ ਅਲਕਾ ਨੇ ਹਮਲਾਵਰਾਂ ਨੂੰ ਰੋਕਣ ਦੀ ਕਾਫੀ ਕੋਸ਼ਿਸ਼ ਕੀਤੀ। ਉਨ੍ਹਾਂ ਰਾਹੀਂ ਬਚਾਅ ਕਰਨ ਦੇ ਚੱਲਦਿਆਂ ਹੀ ਰੋਹਿਤ ਉੱਥੋਂ ਭੱਜਿਆ, ਜਿਸ ਪਿੱਛੋਂ ਹਮਲਾਵਰਾਂ ਨੇ ਉਸ ਦੀ ਪਿੱਠ ‘ਤੇ ਦੋ ਗੋਲ਼ੀਆਂ ਚਲਾ ਦਿੱਤੀਆਂ।