ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਦੇ 10ਵੇਂ ਦਿਨ ਵੀ ਹਵਾਈ ਹਮਲੇ, ਬੰਬਾਰੀ, ਰਾਕੇਟ ਅਤੇ ਸਾਇਰਨ ਦੀਆਂ ਆਵਾਜ਼ਾਂ ਗੂੰਜਦੀਆਂ ਰਹੀਆਂ। ਇਸ ਜੰਗ ਵਿੱਚ ਹੁਣ ਤੱਕ 4,200 ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਅਤੇ ਦੋਵਾਂ ਧਿਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਨਾਲ ਇਹ ਤੈਅ ਹੈ ਕਿ ਹਮਲਿਆਂ ਅਤੇ ਮੌਤਾਂ ਦੀ ਗਿਣਤੀ ਹੋਰ ਵਧੇਗੀ। ਇਸ ਦੌਰਾਨ ਗਾਜ਼ਾ ਦੇ ਲੱਖਾਂ ਲੋਕਾਂ ਨੂੰ ਦਰਪੇਸ਼ ਭੋਜਨ, ਪਾਣੀ, ਦਵਾਈ ਅਤੇ ਬਿਜਲੀ ਵਰਗੀਆਂ ਬੁਨਿਆਦੀ ਲੋੜਾਂ ਦਾ ਸੰਕਟ ਡੂੰਘਾ ਹੋ ਗਿਆ ਹੈ।
ਰਿਪੋਰਟ ਮੁਤਾਬਕ ਇਸ ਯੁੱਧ ਦੌਰਾਨ ਇਜ਼ਰਾਈਲ ‘ਚ ਕਰੀਬ 1400 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 3500 ਲੋਕ ਜ਼ਖਮੀ ਹੋਏ ਹਨ। ਇਸ ਦੇ ਨਾਲ ਹੀ ਗਾਜ਼ਾ ‘ਚ 2,800 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਕਰੀਬ 11 ਹਜ਼ਾਰ ਲੋਕ ਜ਼ਖਮੀ ਹੋਏ ਹਨ। ਫਲਸਤੀਨੀ ਅਧਿਕਾਰੀਆਂ ਨੇ ਦੱਸਿਆ ਕਿ ਇਜ਼ਰਾਇਲੀ ਹਮਲਿਆਂ ਦੇ ਮਲਬੇ ਹੇਠ 1000 ਤੋਂ ਵੱਧ ਲੋਕ ਦੱਬੇ ਗਏ ਹਨ। ਬੀਬੀਸੀ ਦੀ ਰਿਪੋਰਟ ਮੁਤਾਬਕ ਇਜ਼ਰਾਇਲੀ ਹਵਾਈ ਸੈਨਾ ਨੇ ਕਿਹਾ ਹੈ ਕਿ ਹਮਾਸ ਦਾ ਜਨਰਲ ਇੰਟੈਲੀਜੈਂਸ ਚੀਫ਼ ਹਵਾਈ ਹਮਲੇ ਵਿੱਚ ਮਾਰਿਆ ਗਿਆ ਹੈ।