ਓਟਵਾ :ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹਮਸ ਨੂੰ ਇਜ਼ਰਾਈਲੀ ਬੰਧਕਾਂ ਨੂੰ ਤੁਰੰਤ ਛੱਡਣ ਲਈ ਆਖਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਗਾਜ਼ਾ ਵਿੱਚ ਮਨੁੱਖਤਾਵਾਦੀ ਮਦਦ ਪਹੁੰਚਾਉਣ ਲਈ ਰਾਹ ਦੇਣ ਦੀ ਮੰਗ ਵੀ ਕੀਤੀ ਗਈ ਹੈ। ਇਸ ਰੀਜਨ ਵਿੱਚ ਜੰਗ ਆਪਣੇ ਦਸਵੇਂ ਦਿਨ ਵਿੱਚ ਦਾਖਲ ਹੋ ਗਈ ਹੈ।
ਮੱਧ ਪੂਰਬ ਦੇ ਮੌਜੂਦਾ ਹਾਲਾਤ ਬਾਰੇ ਹਾਊਸ ਆਫ ਕਾਮਨਜ਼ ਵਿੱਚ ਜਾਣਕਾਰੀ ਮੁਹੱਈਆ ਕਰਵਾਉਂਦਿਆਂ ਟਰੂਡੋ ਨੇ ਆਖਿਆ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਅਜਿਹਾ ਸੱਭ ਵਾਪਰ ਰਿਹਾ ਹੈ। ਟਰੂਡੋ ਨੇ ਆਖਿਆ ਕਿ ਇਜ਼ਰਾਈਲ ਤੇ ਵੈਸਟ ਬੈਂਕ ਤੋਂ ਲੋਕਾਂ ਨੂੰ ਕੱਢਣ ਦਾ ਸਿਲਸਿਲਾ ਜਾਰੀ ਹੈ ਪਰ ਗਾਜ਼ਾ ਵਿੱਚ ਮਨੁੱਖਤਾਵਾਦੀ ਲਾਂਘਾ ਖੋਲ੍ਹਣ ਵਿੱਚ ਕਈ ਚੁਣੌਤੀਆਂ ਸਾਹਮਣੇ ਆ ਰਹੀਆਂ ਹਨ। ਇੱਥੇ ਇਜ਼ਰਾਈਲ ਵੱਲੋਂ ਫੂਡ, ਪਾਣੀ ਤੇ ਬਿਜਲੀ ਸਪਲਾਈ ਕੱਟ ਦਿੱਤੀ ਗਈ ਹੈ।
ਖੁਦ ਦੀ ਰਾਖੀ ਕਰਨ ਦੇ ਇਜ਼ਰਾਈਲ ਦੇ ਅਧਿਕਾਰ ਦਾ ਕੈਨੇਡਾ ਪੂਰਾ ਸਮਰਥਨ ਕਰਦਾ ਹੈ ਪਰ ਮਨੁੱਖਤਾਵਾਦੀ ਮਦਦ ਮੁਹੱਈਆ ਕਰਵਾਉਣ ਲਈ ਰਾਹ ਨੂੰ ਬਰਕਰਾਰ ਰੱਖਣ ਦੀ ਵੀ ਹਮਾਇਤ ਕਰਦਾ ਹੈ। ਟਰੂਡੋ ਨੇ ਆਖਿਆ ਕਿ ਜੰਗ ਦੇ ਵੀ ਕੋਈ ਨਿਯਮ ਹੁੰਦੇ ਹਨ ਤੇ ਉਨ੍ਹਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। 7 ਅਕਤੂਬਰ ਨੂੰ ਹਮਸ ਵੱਲੋ ਇਜ਼ਰਾਈਲ ਉੱਤੇ ਹਮਲਾ ਕੀਤੇ ਜਾਣ ਤੋਂ ਬਾਅਦ ਪਹਿਲੀ ਵਾਰੀ ਪਾਰਲੀਆਮੈਂਟ ਦੀ ਕਾਰਵਾਈ ਸ਼ੁਰੂ ਹੋਣ ਉੱਤੇ ਟਰੂਡੋ ਨੇ ਇਹ ਬਿਆਨ ਦਿੱਤਾ। ਸੋਮਵਾਰ ਤੱਕ ਇਸ ਜੰਗ ਕਾਰਨ 4,000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਸਨ।