ਸ੍ਰੀਲੰਕਾ ਆਪਣੀ ਮੰਗ ਨੂੰ ਪੂਰਾ ਕਰਨ ਲਈ ਭਾਰਤ ਦੇ ਪੰਜ ਚਿਕਨ ਫਾਰਮਾਂ ਤੋਂ ਹਰ ਰੋਜ਼ ਦਸ ਲੱਖ ਆਂਡੇ ਦਰਾਮਦ ਕਰੇਗਾ। ਆਰਥਿਕ ਸੰਕਟ ਨਾਲ ਜੂਝ ਰਹੇ ਇਸ ਦੇਸ਼ ਦੀ ਪ੍ਰਮੁੱਖ ਦਰਾਮਦ ਏਜੰਸੀ ਨੇ ਇਹ ਜਾਣਕਾਰੀ ਦਿੱਤੀ।
ਸ੍ਰੀਲੰਕਾ ਸਟੇਟ ਟ੍ਰੇਡਿੰਗ ਕਾਰਪੋਰੇਸ਼ਨ (ਐੱਸਟੀਸੀ) ਦੇ ਚੇਅਰਮੈਨ ਅਸੀਰੀ ਵਲੀਸੁੰਦਰਾ ਨੇ ਕਿਹਾ ਕਿ ਭਾਰਤ ਤੋਂ 20 ਲੱਖ ਆਂਡੇ ਦਰਾਮਦ ਕੀਤੇ ਗਏ ਸਨ, ਜਿਨ੍ਹਾਂ ’ਚੋਂ 10 ਲੱਖ ਆਂਡੇ ਬਾਜ਼ਾਰ ’ਚ ਪਹੁੰਚਾ ਦਿੱਤੇ ਗਏ। ਐੱਸਟੀਸੀ ਦੇ ਚੇਅਰਮੈਨ ਨੇ ਕਿਹਾ ਕਿ ਪਹਿਲਾਂ ਭਾਰਤ ਦੇ ਦੋ ਮੁਰਗੀ ਫਾਰਮਾਂ ਤੋਂ ਆਂਡੇ ਦਰਾਮਦ ਕੀਤੇ ਜਾ ਰਹੇ ਸਨ। ਹੁਣ ਪਸ਼ੂ ਉਤਪਾਦਨ ਵਿਭਾਗ ਨੇ ਤਿੰਨ ਹੋਰ ਫਾਰਮਾਂ ਤੋਂ ਆਂਡੇ ਖ਼ਰੀਦਣ ਦੀ ਮਨਜ਼ੂਰੀ ਦਿੱਤੀ ਹੈ। ਦਰਾਮਦ ਆਂਡੇ ਬੇਕਰੀ, ਬਿਸਕੁਟ ਨਿਰਮਾਤਾਵਾਂ, ਕੈਟਰਿੰਗ ਸੇਵਾ ਤੇ ਰੈਸਟੋਰੈਂਟਾਂ ਨੂੰ 35 ਸ੍ਰੀਲੰਕਾਈ ਰੁਪਏ ਪ੍ਰਤੀ ਆਂਡੇ ਵੇਚੇ ਜਾਣਗੇ। ਦੱਸਣਯੋਗ ਹੈ ਕਿ ਸ੍ਰੀਲੰਕਾ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਉੱਚ ਮੁਦਰਾ ਪਸਾਰੇ ਕਾਰਨ ਲੋਕਾਂ ਦੀ ਖ਼ਰੀਦ ਸਮਰੱਥਾ ਘੱਟ ਹੋ ਗਈ ਹੈ।