ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਦੇ ਮਕਸਦ ਨਾਲ ਸਥਾਪਤ ਹੋਈ ਪੰਜਾਬੀ ਯੂਨੀਵਰਸਿਟੀ (Punjabi University) ‘ਚ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ। ਇਹ ਵਿਵਾਦ ਵਾਰਿਸ ਸ਼ਾਹ ਦੀ ਤੀਸਰੀ ਜਨਮ ਸ਼ਤਾਬਦੀ ਸਬੰਧੀ ਕਰਵਾਏ ਸਮਾਗਮ ਦੌਰਾਨ ਸਾਹਮਣੇ ਆਇਆ ਹੈ। ਇਸ ਬਾਰੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਮੇਤ ਹੋਰ ਪ੍ਰੋਫੈਸਰਾਂ ਵੱਲੋਂ ਹਿੰਦੀ ‘ਚ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਸ ‘ਤੇ ਕਈਆਂ ਨੇ ਆਪਣਾ ਵਿਰੋਧ ਵੀ ਦਰਜ ਕਰਵਾਇਆ ਹੈ। ਵਿਦਿਆਰਥੀ ਜਥੇਬੰਦੀਆਂ ਤੇ ਭਾਸ਼ਾ ਪ੍ਰੇਮੀਆਂ ‘ਚ ਵੀ ਰੋਸ ਪਾਇਆ ਜਾ ਰਿਹਾ ਹੈ।
ਪੰਜਾਬੀ ਯੂਨੀਵਰਸਿਟੀ ਦੇ ਫੇਸਬੁੱਕ ਪੇਜ ‘ਤੇ ਸ਼ਤਾਬਦੀ ਸਬੰਧੀ ਹਿੰਦੀ ‘ਚ ਲਿਖਣ ਦੇ ਨਾਲ ਬੋਲਣ ‘ਚ ਵੀ ਪੰਜਾਬੀ ਭਾਸ਼ਾ ਦੀ ਵਰਤੋਂ ਨਹੀਂ ਕੀਤੀ ਗਈ। ਪਾਈਆਂ ਗਈਆਂ ਵੱਖ ਵੱਖ ਪੋਸਟਾਂ ‘ਚ ਵਾਈਸ ਚਾਂਸਲਰ ਪ੍ਰੋ. ਅਰਵਿੰਦ, ਸਰਦਾਰ ਸੋਭਾ ਸਿੰਘ ਵਿਭਾਗ ਦੇ ਪ੍ਰੋਫੈਸਰ ਤੇ ਪਬਲੀਕੇਸ਼ਨ ਵਿਭਾਗ ਦੇ ਮੁਖੀ ਸੁਰਜੀਤ ਸਿੰਘ ਹਿੰਦੀ ਭਾਸ਼ਾ ਵਿਚ ਜਾਣਕਾਰੀ ਦੇ ਰਹੇ ਹਨ ਤੇ ਇਸ ਬਾਰੇ ਹਿੰਦੀ ਵਿਚ ਲਿਖਿਆ ਵੀ ਗਿਆ ਹੈ।
ਇਸ ਬਾਰੇ ਪਬਲੀਕੇਸ਼ਨਜ਼ ਵਿਭਾਗ ਮੁਖੀ ਦਾ ਕਹਿਣਾ ਹੈ ਕਿ ਹਿੰਦੀ ਤੋਂ ਇਲਾਵਾ ਪੰਜਾਬੀ ਭਾਸ਼ਾ ਵਾਲੀ ਪੋਸਟ ਵੀ ਹਨ। ਪ੍ਰੋਗਰਾਮ ਦੌਰਾਨ ਹਿੰਦੀ ਮੀਡੀਆ ਨੂੰ ਜਾਣਕਾਰੀ ਦੇਣ ਲਈ ਹਿੰਦੀ ਭਾਸ਼ਾ ਦੀ ਵਰਤੋਂ ਕੀਤੀ ਗਈ ਸੀ। ਇਸ ਲਈ ਇਹੀ ਰਿਕਾਰਡਿੰਗ ਯੂਨੀਵਰਸਿਟੀ ਦੇ ਫੇਸਬੁੱਕ ‘ਤੇ ਪੋਸਟ ਕਰ ਦਿੱਤੀ ਗਈ।
ਵਿਦਿਆਰਥੀ ਆਗੂ ਵਿਕਰਮ ਬਾਗੀ ਨੇ ਕਿਹਾ ਕਿ ਮਾਂ ਬੋਲੀ ਦੇ ਨਾਂ ‘ਤੇ ਸਥਾਪਤ ਯੂਨੀਵਰਸਿਟੀ ਆਪਣੇ ਮਕਸਦ ਤੋਂ ਭਟਕ ਚੁੱਕੀ ਹੈ। ਹੁਣ ਸਰਕਾਰ ਭਾਵੇਂ ਪੰਜਾਬੀ ਨੂੰ ਪੂਰਾ ਮਾਣ-ਸਨਮਾਨ ਦੇਣ ਲਈ ਅੱਗੇ ਆਈ ਹੈ ਤਾਂ ਪੰਜਾਬੀ ਭਾਸ਼ਾ ਨੂੰ ਸਮਰਪਿਤ ਬਣਾਈ ਗਈ ਯੂਨੀਵਰਸਿਟੀ ‘ਚ ਹਿੰਦੀ ਪ੍ਰਤੀ ਮੋਹ ਜਗਾਇਆ ਜਾ ਰਿਹਾ ਹੈ।
ਵਿਦਿਆਰਥੀ ਆਗੂ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਆਦਾਰਾ ਜਿਸ ਮਕਸਦ ਲਈ ਬਣਾਇਆ ਹੈ, ਜੇਕਰ ਉਸ ਤੇ ਕੰਮ ਹੀ ਨਹੀਂ ਕਰ ਰਿਹਾ ਤਾਂ ਇੱਕ ਦਿਨ ਉਸਦਾ ਵਜੂਦ ਵੀ ਖਤਮ ਹੋ ਸਕਦਾ ਹੈ। ਇਸਲਈ ਪੰਜਾਬੀ ਯੂਨੀਵਰਸਿਟੀ ਹੋਰ ਭਾਸ਼ਾਵਾਂ ਦੀ ਬਜਾਇ ਪੰਜਾਬੀ ਭਾਸ਼ਾ ਨੂੰ ਹੀ ਤਰਜੀਹ ਦੇਵੇ।