ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Mooe Wala) ਦੀ ਮਾਂ ਚਰਨ ਕੌਰ ਤੇ ਪਿਤਾ ਬਲਕੌਰ ਸਿੰਘ ਸ਼ੁੱਕਰਵਾਰ ਨੂੰ ਇੰਗਲੈਂਡ ਰਵਾਨਾ ਹੋ ਗਏ ਹਨ। ਦਰਅਸਲ ਉਨ੍ਹਾਂ ਦੇ ਵਿਦੇਸ਼ ਜਾਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਸਿੱਧੂ ਦੇ ਫੈਨਜ਼ ‘ਚ ਇਕ ਵਾਰ ਫਿਰ ਹਲਚਲ ਮਚ ਗਈ ਹੈ। ਬੀਤੇ ਮਹੀਨੇ ਹੀ ਉਨ੍ਹਾਂ ਪੰਜਾਬ ਸਰਕਾਰ ਨੂੰ ਇਕ ਮਹੀਨੇ ਦਾ ਅਲਟੀਮੇਟਮ ਦੇ ਕੇ ਵਿਦੇਸ਼ ਵੱਸ ਜਾਣ ਦੀ ਗੱਲ ਆਖੀ ਸੀ, ਪਰ ਇਸ ਉਹ ਜਲਦ ਹੀ ਭਾਰਤ ਵਾਪਸ ਆਉਣਗੇ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਤਸਵੀਰਾਂ ‘ਚ ਉਹ ਮੋਹਾਲੀ ਏਅਰਪੋਰਟ ‘ਤੇ ਸਪਾਟ ਹੋਏ। ਇਕ ਤਸਵੀਰ ‘ਚ ਇਹ ਏਅਰਪੋਰਟ ਦੇ ਅੰਦਰ ਜਾਂਦੇ ਹੋਏ ਅਤੇ ਇਮੀਗ੍ਰੇਸ਼ਨ ਚੈੱਕ-ਇਨ ਕਰਦੇ ਨਜ਼ਰ ਆ ਰਹੇ ਹਨ। ਇਕ ਤਸਵੀਰ ‘ਚ ਉਹ ਫਲਾਈਟ ‘ਚ ਬੈਠੇ ਹਨ।
ਜਾਣਕਾਰੀ ਮੁਤਾਬਕ ਇੰਗਲੈਂਡ ਰਹਿੰਦੇ ਸਿੱਧੂ ਮੂਸੇਵਾਲਾ ਦੇ ਫੈਨਜ਼ ਵੱਲੋਂ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਮੁਹਿੰਮ ਛੇੜੀ ਹੋਈ ਹੈ। 24 ਨਵੰਬਰ ਨੂੰ ਇੰਗਲੈਂਡ ਦੀ ਪਾਰਲੀਮੈਂਟ ਦੇ ਬਾਹਰ ਫੈਨਜ਼ ਵੱਲੋਂ ਸਾਈਕਲ ਰੈਲੀ ਕੱਢੀ ਜਾ ਰਹੀ ਹੈ ਜਿਸ ਵਿਚ ਹਿੱਸਾ ਲੈਣ ਲਈ ਬਲਕੌਰ ਸਿੰਘ ਤੇ ਚਰਨ ਕੌਰ ਇੰਗਲੈਂਡ ਰਵਾਨਾ ਹੋਏ ਹਨ।
ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੀ 29 ਮਈ ਨੂੰ ਮਾਨਸਾ ਦੇ ਇਕ ਪਿੰਡ ਵਿਚ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮੂਸੇਵਾਲਾ ਦੀ ਹੱਤਿਆ ਦੀ ਜ਼ਿੰਮੇਵਾਰੀ ਜੇਲ੍ਹ ‘ਚ ਬੰਦ ਲਾਰੈਂਸ ਬਿਸ਼ਨੋਈ ਤੇ ਕੈਨੇਡਾ ਬੈਠੇ ਗੋਲਡੀ ਬਰਾੜ ਨੇ ਲਈ ਸੀ। ਇਸ ਮਾਮਲੇ ‘ਚ ਪੁਲਿਸ 25 ਤੋਂ ਜ਼ਿਆਦਾ ਗ੍ਰਿਫ਼ਤਾਰੀਆਂ ਕਰ ਚੁੱਕੀ ਹੈ। ਉੱਥੇ ਹੀ ਵਿਦੇਸ਼ ਬੈਠੇ ਗੋਲਡੀ ਬਰਾੜ ਨੂੰ ਪੰਜਾਬ ਲਿਆਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸੇ ਦੌਰਾਨ ਦੋ ਮਹੀਨੇ ਪਹਿਲਾਂ ਸ਼ੂਟਰ ਟੀਨੂੰ ਪੁਲਿਸ ਦੀ ਗ੍ਰਿਫ਼ਤ ‘ਚ ਭੱਜ ਗਿਆ ਸੀ ਤੇ ਇਸ ਵਿਚ ਪੰਜਾਬ ਪੁਲਿਸ ਦੇ ਹੀ ਇੰਸਪੈਕਟਰ ਦਾ ਨਾਂ ਸਾਹਮਣੇ ਆਇਆ ਸੀ।