ਕੇਰਲ ਦੇ ਇਕ ਹਸਪਤਾਲ ਵਿਚ ਸ਼ਨੀਵਾਰ ਨੂੰ ਮਰਨ ਵਾਲੇ ਇਕ ਮਰੀਜ਼ ਦੀ ਜਾਂਚ ਤੋਂ ਬਾਅਦ ਮੰਕੀਪੌਕਸ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। 22 ਸਾਲਾ ਵਿਅਕਤੀ ਦੀ ਸ਼ਨੀਵਾਰ ਸਵੇਰੇ ਤ੍ਰਿਸੂਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ। ਕੇਰਲ ਸਰਕਾਰ ਦੀ ਜਾਂਚ ਤੋਂ ਬਾਅਦ ਹੁਣ ਪਤਾ ਲੱਗਾ ਹੈ ਕਿ ਇਹ ਵਿਅਕਤੀ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ‘ਚ ਮੰਕੀਪੌਕਸ ਪਾਜ਼ੇਟਿਵ ਪਾਇਆ ਗਿਆ ਸੀ। ਉਹ 22 ਜੁਲਾਈ ਨੂੰ ਭਾਰਤ ਪਹੁੰਚਿਆ ਅਤੇ 27 ਜੁਲਾਈ ਨੂੰ ਮੰਕੀਪੌਕਸ ਦੇ ਸ਼ੱਕੀ ਮਰੀਜ਼ ਵਜੋਂ ਹਸਪਤਾਲ ਵਿੱਚ ਦਾਖਲ ਹੋਇਆ।
ਸਿਹਤ ਮੰਤਰੀ ਨੇ ਜਾਂਚ ਕਰਵਾਉਣ ਦੀ ਗੱਲ ਕਹੀ ਸੀ
ਯੂਏਈ ਦੇ ਇੱਕ ਵਿਅਕਤੀ ਦੀ ਮੌਤ ਤੋਂ ਬਾਅਦ ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਐਤਵਾਰ ਨੂੰ ਮੌਤ ਦੀ ਜਾਂਚ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਜਲਦੀ ਹੀ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ। ਦੱਸ ਦੇਈਏ ਕਿ ਮ੍ਰਿਤਕ ਦੇ ਸਵੈਬ ਟੈਸਟ ਦੀ ਰਿਪੋਰਟ ਆਉਣ ਤੋਂ ਬਾਅਦ ਮੰਤਰੀ ਨੇ ਕਿਹਾ ਸੀ ਕਿ ਮਰੀਜ਼ ਨੂੰ ਕੋਈ ਹੋਰ ਸਿਹਤ ਸਮੱਸਿਆ ਨਹੀਂ ਹੈ। ਇਸ ਲਈ ਸਿਹਤ ਵਿਭਾਗ ਉਸ ਦੀ ਮੌਤ ਦੇ ਕਾਰਨਾਂ ਦੀ ਜਾਂਚ ਕਰੇਗਾ।
ਦੇਸ਼ ਵਿੱਚ ਹੁਣ ਤਕ ਮੰਕੀਪੌਕਸ ਦੇ 5 ਮਾਮਲੇ ਸਾਹਮਣੇ ਆਏ ਹਨ
ਤੁਹਾਨੂੰ ਦੱਸ ਦੇਈਏ ਕਿ ਭਾਰਤ ਵਿੱਚ ਮੰਕੀਪੌਕਸ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਦਿੱਲੀ, ਕੇਰਲ ਅਤੇ ਤੇਲੰਗਾਨਾ ਵਿੱਚ ਨਵੇਂ ਕੇਸਾਂ ਦੇ ਆਉਣ ਨਾਲ ਹੁਣ ਕੁੱਲ 5 ਕੇਸ ਹੋ ਗਏ ਹਨ। ਇਸ ਸਬੰਧੀ ਦੇਸ਼ ਦੇ ਕਈ ਰਾਜਾਂ ਵਿੱਚ ਅਲਰਟ ਵੀ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਵੀ ਇਸ ‘ਤੇ ਬੈਠਕ ਬੁਲਾਈ ਹੈ।