ਕੈਨੇਡਾ ’ਚ 1985 ਦੇ ਏਅਰ ਇੰਡੀਆ ਕਨਿਸ਼ਕ ਹੱਤਿਆ ਕਾਂਡ ’ਚ ਬਰੀ ਹੋ ਚੁੱਕੇ ਰਿਪੁਦਮਨ ਸਿੰਘ ਮਲਿਕ ਦੀ ਹੱਤਿਆ ਪਿੱਛੇ ਪੇਸ਼ੇਵਰ ਅਪਰਾਧੀਆਂ ਦਾ ਹੱਥ ਹੋ ਸਕਦਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਸਾਲਿਸਟਰ ਜਨਰਲ ਨੇ ਕਿਹਾ ਕਿ ਸਾਰੇ ਸੰਕੇਤ ਇਸੇ ਵੱਲ ਇਸ਼ਾਰਾ ਕਰ ਰਹੇ ਹਨ, ਇਸ ਨਾਲ ਹੱਤਿਆ ਕਾਂਡ ਦੀ ਜਾਂਚ ਮੁਸ਼ਕਲ ਹੋ ਗਈ ਹੈ।
15 ਜੁਲਾਈ ਨੂੰ ਰਿਪੁਦਮਨ ਦੀ ਕੈਨੇਡਾ ’ਚ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਹ 1985 ’ਚ ਏਅਰ ਇੰਡੀਆ ਦੇ ਜਹਾਜ਼ ’ਚ ਬੰਬ ਧਮਾਕੇ ਦੇ ਮੁਲਜ਼ਮ ਰਹਿ ਚੁੱਕੇ ਹਨ, ਜਿਨ੍ਹਾਂ ਨੂੰ ਸਹਿ ਮੁਲਜ਼ਮ ਅਜਾਇਬ ਸਿੰਘ ਬਾਗਡ਼ੀ ਨਾਲ 2005 ’ਚ ਬਰੀ ਕੀਤਾ ਜਾ ਚੁੱਕਾ ਸੀ। ਏਅਰ ਇੰਡੀਆ ਬੰਬ ਕਾਂਡ ’ਚ 331 ਲੋਕਾਂ ਦੀ ਮੌਤ ਹੋ ਗਈ ਸੀ। ਰਿਪੁਦਮਨ ਹੱਤਿਆ ਕਾਂਡ ਦੀ ਜਾਂਚ ਵਿਚਾਲੇ ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਸਾਲਿਸਟਰ ਜਨਰਲ ਕਾਸ਼ ਹੀਡ ਨੇ ਸ਼ਨਿਚਰਵਾਰ ਨੂੰ ਸੀਟੀਵੀ ਨਿਊਜ਼ ਨਾਲ ਇਕ ਇੰਟਰਵਿਊ ਦੌਰਾਨ ਉਨ੍ਹਾਂ ਚੁਣੌਤੀਆਂ ’ਤੇ ਚਰਚਾ ਕਰਦੇ ਹੋਏ ਟਿੱਪਣੀ ਕੀਤੀ ਕਿ ਜਾਂਚ ਕਰਤਾਵਾਂ ਨੂੰ ਮਲਿਕ ਦੇ ਹਤਿਆਰੇ ਜਾਂ ਹਤਿਆਰਿਆਂ ਦੀ ਭਾਲ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।