ਜਦੋਂ ਯੂਕਰੇਨ ਜੰਗ ਕਾਰਨ ਅਮਰੀਕਾ ਤੇ ਰੂਸ ਵਿਚਾਲੇ ਤਣਾਅ ਹੈ ਅਤੇ ਰੂਸ ਦਾ ਰਸਤਾ ਰੋਕਣ ਲਈ ਅਮਰੀਕਾ ਕੋਈ ਮੌਕਾ ਨਹੀਂ ਛੱਡ ਰਿਹਾ, ਉਦੋਂ ਪੁਲਾਡ਼ ’ਚ ਅਮਰੀਕਾ ਤੇ ਰੂਸ ਵਿਚਾਲੇ ਸਮਝੌਤਾ ਹੋਇਆ ਹੈ। ਦੋਵਾਂ ਦੇਸ਼ਾਂ ਦੀਆਂ ਪੁਲਾਡ਼ ਏਜੰਸੀਆਂ ਨੇ ਪੁਲਾਡ਼ ਸਟੇਸ਼ਨ ਪਹੁੰਚਣ ਵਾਲੇ ਪੁਲਾਡ਼ ਜਹਾਜ਼ਾਂ ’ਚ ਯਾਤਰਾ ਲਈ ਸਮਝੌਤਾ ਕੀਤਾ ਹੈ।
ਯੂਕਰੇਨ ਜੰਗ ਸ਼ੁਰੂ ਹੋਣ ਤੋਂ ਬਾਅਦ ਤੋਂ ਹੀ ਅਮਰੀਕਾ ਨੇ ਰੂਸ ’ਤੇ ਪਾਬੰਦੀਆਂ ਦੀ ਝਡ਼ੀ ਲਾਈ ਹੋਈ ਹੈ। ਜ਼ਮੀਨ ਤੇ ਪਾਣੀ ’ਚ ਰੂਸ ਨਾਲ ਅਜਿਹਾ ਕੋਈ ਸਹਿਯੋਗ ਨਹੀਂ ਹੈ, ਜਿਸ ਨੂੰ ਅਮਰੀਕਾ ਨੇ ਖ਼ਤਮ ਨਾ ਕੀਤਾ ਹੋਵੇ ਪਰ ਪੁਲਾਡ਼ ’ਚ ਦੋਵੇਂ ਦੇਸ਼ਾਂ ਨੇ ਸਹਿਯੋਗ ਵਧਾਇਆ ਹੈ। ਰੂਸੀ ਪੁਲਾਡ਼ ਏਜੰਸੀ ਰੋਸਕੋਸਮੋਸ ਨੇ ਦੱਸਿਆ ਕਿ ਉਸ ਨੇ ਅਮਰੀਕੀ ਪੁਲਾਡ਼ ਏਜੰਸੀ ਨਾਸਾ ਨਾਲ ਮਿਲ ਕੇ ਇਕ ਸਮਝੌਤੇ ’ਤੇ ਹਸਤਾਖ਼ਰ ਕੀਤੇ ਹਨ। ਇਸ ਸਮਝੌਤੇ ਦੇ ਚਲਦੇ ਅੰਤਰਰਾਸ਼ਟਰੀ ਪੁਲਾਡ਼ ਕੇਂਦਰ ਤਕ ਪਹੁੰਚਣ ਵਾਲੇ ਪੁਲਾਡ਼ ਜਹਾਜ਼ਾਂ ’ਚ ਇਕ ਦੂਜੇ ਦੇ ਪੁਲਾਡ਼ ਯਾਤਰੀ ਸਫ਼ਰ ਕਰ ਸਕਣਗੇ। ਸਮਝੌਤੇ ਅਨੁਸਾਰ ਅਮਰੀਕਾ ਦੇ ਪੁਲਾਡ਼ ਜਹਾਜ਼ਾਂ ’ਚ ਰੂਸੀ ਪੁਲਾਡ਼ ਯਾਤਰੀ ਤੇ ਰੂਸੀ ਜਹਾਜ਼ਾਂ ’ਚ ਅਮਰੀਕੀ ਯਾਤਰੀ ਪੁਲਾਡ਼ ’ਚ ਆ-ਜਾ ਸਕਣਗੇ। ਇਹ ਸਮਝੌਤਾ ਉਨ੍ਹਾਂ ਪੁਲਾਡ਼ ਜਹਾਜ਼ਾਂ ਲਈ ਹੋਇਆ ਹੈ, ਜੋ ਅੰਤਰਰਾਸ਼ਟਰੀ ਪੁਲਾਡ਼ ਕੇਂਦਰ ਜਾਣਗੇ। ਇਸ ਕੇਂਦਰ ’ਚ ਰੂਸ ਦੀ ਸਭ ਤੋਂ ਵੱਡੀ ਹਿੱਸੇਦਾਰੀ ਹੈ ਜਦਕਿ ਅਮਰੀਕਾ ਸਮੇਤ ਕਈ ਹੋਰ ਦੇਸ਼ਾਂ ਦਾ ਹਿੱਸਾ ਘੱਟ ਹੈ।