ਮੌਕਿਆਂ ਦਾ ਫ਼ਾਇਦਾ ਲੈਣ ਵਿਚ ਨਾਕਾਮ ਰਹੀ ਭਾਰਤੀ ਮਹਿਲਾ ਹਾਕੀ ਟੀਮ ਨੇ ਵਿਸ਼ਵ ਕੱਪ ਦੇ ਪੂਲ ਬੀ ਵਿਚ ਲਗਾਤਾਰ ਦੂਜਾ ਡਰਾਅ ਖੇਡਿਆ ਤੇ ਚੀਨ ਖ਼ਿਲਾਫ਼ ਮੰਗਲਵਾਰ ਨੂੰ ਮੁਕਾਬਲਾ 1-1 ਨਾਲ ਬਰਾਬਰ ਰਿਹਾ।
ਇਸ ਤੋਂ ਪਹਿਲਾਂ ਭਾਰਤ ਨੇ ਇੰਗਲੈਂਡ ਨਾਲ ਵੀ 2-2 ਨਾਲ ਡਰਾਅ ਖੇਡਿਆ ਸੀ। ਹੁਣ ਆਖ਼ਰੀ ਮੈਚ ਵਿਚ ਭਾਰਤ ਵੀਰਵਾਰ ਨੂੰ ਨਿਊਜ਼ੀਲੈਂਡ ਦਾ ਮੁਕਾਬਲਾ ਕਰੇਗਾ। ਭਾਰਤੀ ਮਹਿਲਾ ਟੀਮ ਖ਼ਿਲਾਫ਼ ਚੀਨ ਦੀ ਝੇਂਗ ਜਿਆਲੀ ਨੇ 26ਵੇਂ ਮਿੰਟ ਵਿਚ ਗੋਲ ਕੀਤਾ। ਭਾਰਤ ਲਈ ਬਰਾਬਰੀ ਦਾ ਗੋਲ 45ਵੇਂ ਮਿੰਟ ਵਿਚ ਵੰਦਨਾ ਕਟਾਰੀਆ ਨੇ ਕੀਤਾ। ਪਹਿਲੇ ਦੋ ਕੁਆਰਟਰ ਵਿਚ ਗੇਂਦ ‘ਤੇ ਕੰਟਰੋਲ ਵਿਚ ਭਾਰਤ ਦਾ ਪਲੜਾ ਭਾਰੀ ਰਿਹਾ ਤੇ ਉਸ ਨੇ ਕਈ ਮੌਕੇ ਵੀ ਬਣਾਏ ਜੋ ਗੋਲ ਵਿਚ ਨਹੀਂ ਬਦਲ ਸਕੇ। ਦੂਜੇ ਪਾਸੇ ਚੀਨੀ ਖਿਡਾਰਨਾਂ ਨੇ ਜਵਾਬੀ ਹਮਲੇ ਕਰ ਕੇ ਭਾਤਰੀ ਡਿਫੈਂਸ ਨੂੰ ਪਰੇਸ਼ਾਨ ਕੀਤਾ। ਦੂਜੇ ਅੱਧ ਵਿਚ ਭਾਰਤ ਨੂੰ 42ਵੇਂ ਮਿੰਟ ਵਿਚ ਲਗਾਤਾਰ ਦੋ ਪੈਨਲਟੀ ਕਾਰਨਰ ਮਿਲੇ ਪਰ ਗੋਲ ਨਹੀਂ ਹੋ ਸਕਿਆ।