ਅਫਗਾਨਿਸਤਾਨ ‘ਚ ਸੱਤਾ ‘ਤੇ ਕਾਬਜ਼ ਤਾਲਿਬਾਨ ਹਰ ਰੋਜ਼ ਆਪਣੀਆਂ ਹਰਕਤਾਂ ਨੂੰ ਲੈ ਕੇ ਚਰਚਾ ‘ਚ ਰਹਿੰਦਾ ਹੈ। ਹੁਣ ਤਾਲਿਬਾਨ ਆਪਣੇ ਇਕ ਕਮਾਂਡਰ ਬਾਰੇ ਚਰਚਾ ਕਰ ਰਿਹਾ ਹੈ। ਤਾਲਿਬਾਨ ਕਮਾਂਡਰ ਨੇ ਆਪਣੀ ਲਾੜੀ ਨੂੰ ਘਰ ਲਿਆਉਣ ਲਈ ਫੌਜੀ ਹੈਲੀਕਾਪਟਰ ਦੀ ਵਰਤੋਂ ਕੀਤੀ।
ਲਾੜੀ ਲਿਆਉਣ ਲਈ ਵਰਤਿਆ ਗਿਆ ਹੈਲੀਕਾਪਟਰ
ਸਥਾਨਕ ਮੀਡੀਆ ਮੁਤਾਬਕ ਕਮਾਂਡਰ ਨੇ ਪੂਰਬੀ ਅਫਗਾਨਿਸਤਾਨ ਦੇ ਲੋਗਰ ਸੂਬੇ ਤੋਂ ਆਪਣੀ ਲਾੜੀ ਨੂੰ ਖੋਸਤ ਸੂਬੇ ਲਿਆਉਣ ਲਈ ਫੌਜ ਦੇ ਹੈਲੀਕਾਪਟਰ ਦੀ ਵਰਤੋਂ ਕੀਤੀ। ਖਾਮਾ ਪ੍ਰੈੱਸ ਨੇ ਇਹ ਜਾਣਕਾਰੀ ਦਿੱਤੀ ਹੈ। ਸੂਤਰਾਂ ਨੇ ਦਾਅਵਾ ਕੀਤਾ ਕਿ ਤਾਲਿਬਾਨ ਕਮਾਂਡਰ ਖੋਸਤ ‘ਚ ਰਹਿੰਦਾ ਹੈ ਅਤੇ ਉਸ ਦੀ ਪਤਨੀ ਦਾ ਘਰ ਅਫਗਾਨਿਸਤਾਨ ਦੇ ਪੂਰਬ ‘ਚ ਲੋਗਰ ਦੇ ਬਰਕੀ ਬਰਾਕ ਜ਼ਿਲ੍ਹੇ ‘ਚ ਹੈ।
ਲਾੜੀ ਨੂੰ ਹੈਲੀਕਾਪਟਰ ਰਾਹੀਂ ਲਿਆਉਣ ਦਾ ਵੀਡੀਓ ਇੰਟਰਨੈੱਟ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਮਾਂਡਰ ਨੇ ਹੈਲੀਕਾਪਟਰ ਨੂੰ ਘਰ ਦੇ ਕੋਲ ਲੈਂਡ ਕਰਵਾਇਆ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇਸ ‘ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਆ ਰਹੀਆਂ ਹਨ।
ਡਿਪਟੀ ਬੁਲਾਰੇ ਨੇ ਕਮਾਂਡਰ ਦਾ ਬਚਾਅ ਕੀਤਾ
ਹਾਲਾਂਕਿ, ਤਾਲਿਬਾਨ ਦੇ ਉਪ ਬੁਲਾਰੇ ਕਾਰੀ ਯੂਸਫ ਅਹਿਮਦੀ ਨੇ ਕਮਾਂਡਰ ਦਾ ਬਚਾਅ ਕੀਤਾ। ਉਸ ਨੇ ਸਾਰੇ ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ ਹੈ। ਉਸ ਨੇ ਇਸ ਨੂੰ ‘ਦੁਸ਼ਮਣ ਦਾ ਪ੍ਰਚਾਰ’ ਕਿਹਾ।
ਵਿਆਹ ਲਈ ਦਿੱਤਾ ਦਾਜ
ਇਸ ਦੇ ਨਾਲ ਹੀ ਆਮ ਨਾਗਰਿਕਾਂ ਨੇ ਜਨਤਕ ਜਾਇਦਾਦ ਦੀ ਦੁਰਵਰਤੋਂ ਨੂੰ ਲੈ ਕੇ ਇੰਟਰਨੈੱਟ ਮੀਡੀਆ ‘ਤੇ ਰੋਸ ਦਰਜ ਕਰਵਾਇਆ ਹੈ। ਸਥਾਨਕ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਕਮਾਂਡਰ ਨੇ ਲੜਕੀ ਦੇ ਪਿਤਾ ਨੂੰ ਵਿਆਹ ਲਈ 12 ਲੱਖ ਅਫਗਾਨੀ ਦਾਜ ਦਿੱਤਾ ਸੀ।