Punjab

ਜਨਤਾ ਬਜਟ ਪੇਸ਼ ਕਰਨ ‘ਤੇ ਮੁੱਖ ਮੰਤਰੀ ਵੱਲੋਂ ਚੀਮਾ ਨੂੰ ਮੁਬਾਰਕਬਾਦ, ਕਿਹਾ- ਪੰਜਾਬ ਦੇ ਨਵੇਂ ਨਕਸ਼ ਘੜਨ ਵਾਲਾ ਹੈ ਬਜਟ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ ਸਾਲ 2022-23 ਦੇ ਸੂਬਾ ਸਰਕਾਰ ਦੇ ਕਰ ਮੁਕਤ ਬਜਟ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਨਵੇਂ ਪੰਜਾਬ ਲਈ ਰੂਪ-ਰੇਖਾ ਉਲੀਕਣ ਵਾਲਾ ਦੱਸਿਆ। ਮੁੱਖ ਮੰਤਰੀ ਨੇ ਕਿਹਾ, ‘‘ਆਮ ਆਦਮੀ ਨਾਲ ਵਿਚਾਰ-ਵਟਾਂਦਰਾ ਕਰ ਕੇ ਬਣਾਇਆ ਇਤਿਹਾਸਕ ਬਜਟ ਪੇਸ਼ ਕਰਨ ਲਈ ਮੈਂ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਵਧਾਈ ਦਿੰਦਾ ਹਾਂ।’’

ਬਜਟ ਨੂੰ ਸੂਬਾ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਦਾ ਝਲਕਾਰਾ ਪੇਸ਼ ਕਰਨ ਵਾਲਾ ਸੰਤੁਲਿਤ ਤੇ ਵਿਕਾਸ ਨੂੰ ਹੁਲਾਰਾ ਦੇਣ ਵਾਲਾ ਦੱਸਦਿਆਂ ਮੁੱਖ ਮੰਤਰੀ ਨੇ ਇੱਥੇ ਅੱਜ ਜਾਰੀ ਬਿਆਨ ਵਿੱਚ ਕਿਹਾ ਕਿ ਸਿੱਖਿਆ, ਸਿਹਤ, ਖੇਤੀਬਾੜੀ ਤੇ ਵਣਜ ਦੇ ਖੇਤਰ ਵਿੱਚ ਕ੍ਰਾਂਤੀ ਲਿਆਉਣ ਲਈ ਜਨਤਾ ਦਾ ਬਜਟ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਨਾਲ ਕੀਤੀਆਂ ਸਾਰੀਆਂ ਗਰੰਟੀਆਂ ਨੂੰ ਜਲਦੀ ਪੂਰਾ ਕਰੇਗੀ। ਭਗਵੰਤ ਮਾਨ ਨੇ ਕਿਹਾ ਕਿ ਵਿੱਤੀ ਖੇਤਰ ਵਿੱਚ ਜਲਦੀ ਹੀ ਕ੍ਰਾਂਤੀਕਾਰੀ ਸੁਧਾਰ ਦਿਸਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਬਜਟ ਸਮਾਜ ਦੇ ਸਾਰੇ ਵਰਗਾਂ ਵਿੱਚੋਂ ਕਮਜ਼ੋਰਾਂ ਵਿੱਚੋਂ ਸਭ ਤੋਂ ਕਮਜ਼ੋਰ ਅਤੇ ਗਰੀਬਾਂ ਵਿੱਚੋਂ ਸਭ ਤੋਂ ਗਰੀਬ ਨੂੰ ਰਾਹਤ ਦੇਣ ਦੇ ਉਦੇਸ਼ ਨਾਲ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਬਜਟ ਸਮੁੱਚੇ ਵਿਕਾਸ, ਸੂਬੇ ਦੀ ਤਰੱਕੀ ਅਤੇ ਲੋਕਾਂ ਦੀ ਸਮੁੱਚੀ ਖ਼ੁਸ਼ਹਾਲੀ ਦਾ ਮੰਤਵ ਹਾਸਲ ਕਰਨ ਲਈ ਸੂਬਾ ਸਰਕਾਰ ਦੀ ਵਿਹਾਰਕ ਪਹੁੰਚ ਦਾ ਨਤੀਜਾ ਹੈ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਇਹ ਬਜਟ ਖੇਤੀਬਾੜੀ, ਸਨਅਤ, ਬੁਨਿਆਦੀ ਢਾਂਚੇ, ਊਰਜਾ, ਸਿੱਖਿਆ, ਸਿਹਤ ਖੇਤਰ ਤੋਂ ਇਲਾਵਾ ਔਰਤਾਂ ਨੂੰ ਵੱਧ ਅਖ਼ਤਿਆਰ ਦੇਣ ਤੇ ਸਮਾਜ ਦੇ ਪਛੜੇ ਵਰਗਾਂ ਦੇ ਬਹੁ-ਪੱਖੀ ਵਿਕਾਸ ਨੂੰ ਯਕੀਨਨ ਹੁਲਾਰਾ ਦੇਵੇਗਾ।ਮੁੱਖ ਮੰਤਰੀ ਨੇ ਕਿਹਾ ਕਿ ਤਕਨੀਕੀ ਸਿੱਖਿਆ ਲਈ ਬਜਟ ਵਿਚ 48 ਫੀਸਦੀ ਵਾਧੇ ਦੀ ਵਿਵਸਥਾ ਕੀਤੀ ਗਈ ਹੈ ਤਾਂ ਕਿ ਸਵੈ-ਰੋਜ਼ਗਾਰ ਦੇ ਨਵੇਂ ਮੌਕੇ ਸਿਰਜਣ ਲਈ ਨੌਜਵਾਨਾਂ ਨੂੰ ਤਕਨੀਕੀ ਸਿੱਖਿਆ ਮੁਹੱਈਆ ਕਰਵਾਈ ਜਾ ਸਕੇ। ਇਸੇ ਤਰ੍ਹਾਂ ਸੂਬੇ ਵਿਚ ਕਾਨੂੰਨ ਵਿਵਸਥਾ ਲਈ 9449 ਕਰੋੜ ਰੁਪਏ ਰੱਖੇ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੈਡੀਕਲ ਸਿੱਖਿਆ ਤੇ ਖੋਜ ਦਾ ਬਜਟ 57 ਫੀਸਦੀ ਵਧਾਇਆ ਗਿਆ, ਜਦੋਂ ਕਿ ਨੌਜਵਾਨਾਂ ਅਤੇ ਯੁਵਕ ਸੇਵਾਵਾਂ ਲਈ 52 ਫੀਸਦੀ, ਸਿਹਤ ਖੇਤਰ ਲਈ 24 ਫੀਸਦੀ, ਰੋਜ਼ਗਾਰ ਉਤਪਤੀ ਲਈ 32 ਫੀਸਦੀ, ਉਦਯੋਗ ਤੇ ਵਪਾਰ ਲਈ 48 ਫੀਸਦੀ ਦਾ ਇਜ਼ਾਫਾ ਕੀਤਾ ਗਿਆ ਹੈ, ਜਿਸ ਨਾਲ ਸੂਬੇ ਦੇ ਵਿਕਾਸ ਅਤੇ ਤਰੱਕੀ ਵਿਚ ਹੋਰ ਤੇਜ਼ੀ ਆਵੇਗੀ। ਭਗਵੰਤ ਮਾਨ ਨੇ ਕਿਹਾ ਕਿ ਬਜਟ ਵਿਚ 16 ਮੈਡੀਕਲ ਕਾਲਜਾਂ ਦਾ ਨਿਰਮਾਣ ਕਰਨ ਤੋਂ ਇਲਾਵਾ ਸਰਕਾਰੀ ਸਕੂਲਾਂ ਨੂੰ ਆਲ੍ਹਾ ਮਿਆਰੀ ਸਕੂਲ (ਸਕੂਲ ਆਫ਼ ਐਮੀਨੈਂਸ) ਵਿਚ ਤਬਦੀਲ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸੇ ਤਰ੍ਹਾਂ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ, 45 ਅਤਿ ਆਧੁਨਿਕ ਬੱਸ ਸਟੈਂਡ ਦੀ ਉਸਾਰੀ ਦੀ ਵਿਵਸਥਾ ਵੀ ਬਜਟ ਵਿਚ ਕੀਤੀ ਗਈ ਹੈ।

ਮੁੱਖ ਮੰਤਰੀ ਨੇ ਮੌਜੂਦਾ ਬਜਟ ਨੂੰ ਮੀਲ ਪੱਥਰ ਕਰਾਰ ਦਿੱਤਾ ਜੋ ਸੂਬੇ ਨੂੰ ਨਵੇਂ ਸਿਖਰਾਂ `ਤੇ ਲਿਜਾਣ ਲਈ ਵਿਕਾਸ ਅਤੇ ਤਰੱਕੀ ਦੇ ਨਵੇਂ ਦਿਸਹੱਦੇ ਕਾਇਮ ਕਰਨ ਦਾ ਲੰਮਾ ਸਫ਼ਰ ਤੈਅ ਕਰੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਨਵੇਂ ਪੰਜਾਬ ਦੇ ਟੀਚੇ ਨੂੰ ਸਾਕਾਰ ਕਰਨ ਲਈ ਸੂਬੇ ਦੇ ਲੋਕਾਂ ਦੀਆਂ ਉਮੀਦਾਂ ਉਤੇ ਖਰਾ ਉਤਰੇਗਾ। ਭਗਵੰਤ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਨਵਾਂ ਬਜਟ ਵਿੱਤੀ ਘਾਟੇ ਨੂੰ ਘੱਟ ਕਰਨ ਲਈ ਆਰਥਿਕ ਸੂਝ-ਬੂਝ ਦੇ ਨਾਲ ਬਹੁਤ ਜ਼ਿਆਦਾ ਵਿੱਤੀ ਅਨੁਸ਼ਾਸਨ ਲਿਆਏਗਾ ਅਤੇ ਵਸੀਲੇ ਜੁਟਾਉਣ ਰਾਹੀਂ ਮਾਲੀਆ ਵਧਾਉਣ `ਤੇ ਧਿਆਨ ਕੇਂਦਰਿਤ ਕਰੇਗਾ। ਸਾਲ 2022-23 ਲਈ ਬਜਟ ਪ੍ਰਸਤਾਵਾਂ ਦੀ ਭਰਵੀਂ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਵਿਸ਼ੇਸ਼ ਫੰਡ ਰੱਖਣ ਤੋਂ ਇਲਾਵਾ ਸਿਹਤ, ਸਿੱਖਿਆ, ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦੇ ਖਾਤਮੇ ਲਈ ਬਜਟ ਵਿੱਚ ਵਿਵਸਥਾ ਕਰਨ ਅਤੇ ਵਿੱਤੀ ਘਾਟੇ ਉਤੇ ਕਾਬੂ ਪਾਉਣ ਲਈ ਕਈ ਪਹਿਲਕਦਮੀਆਂ ਨੂੰ ਬਜਟ ਦਾ ਹਿੱਸਾ ਬਣਾਇਆ ਗਿਆ ਹੈ ਜੋ ਇਨ੍ਹਾਂ ਮਸਲਿਆਂ ਉਤੇ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਨਵੇਂ ਬਜਟ ਨਾਲ ਸਾਡਾ ਸੂਬਾ ਹੁਣ ਵਿਕਾਸ ਅਤੇ ਖੁਸ਼ਹਾਲੀ ਦੀਆਂ ਨਵੀਆਂ ਸਿਖਰਾਂ ਛੂਹੇਗਾ। ਉਨ੍ਹਾਂ ਨੇ ਮੌਜੂਦਾ ਬਜਟ ਨੂੰ ਉਦਯੋਗਿਕ ਖੇਤਰ ਦੀ ਸੁਰਜੀਤੀ ਅਤੇ ਸੂਬੇ ਦੀ ਖੜ੍ਹੋਤ ਵਾਲੀ ਖੇਤੀ ਆਰਥਿਕਤਾ ਨੂੰ ਨਵਾਂ ਹੁਲਾਰਾ ਦੇਣ ਲਈ ਖਾਕਾ ਕਰਾਰ ਦਿੱਤਾ।

Related posts

ਚੰਡੀਗੜ੍ਹ ‘ਚ ਵੀ ਖ਼ਤਮ ਹੋਇਆ ਵੀਕਐਂਡ ਲੌਕਡਾਊਨ, ਹਰਿਆਣਾ ‘ਚ ਲਿਆ ਇਹ ਫੈਸਲਾ

Gagan Oberoi

ਇੱਕ ਵਾਰ ਫਿਰ ਸੁਸ਼ਾਂਤ ਸਿੰਘ ਦੇ ਫਲੈਟ ਪਹੁੰਚੀ CBI, ਫਲੈਟ ਮਾਲਕ ਤੋਂ ਕੀਤੀ ਜਾ ਰਹੀ ਪੁੱਛ ਗਿੱਛ

Gagan Oberoi

RCMP Dismantles Largest Drug Superlab in Canadian History with Seizure of Drugs, Firearms, and Explosive Devices in B.C.

Gagan Oberoi

Leave a Comment