ਭਾਰਤ ਨੇ ਏਸ਼ਿਆਈ ਸਾਈਕਲਿੰਗ ਚੈਂਪੀਅਨਸ਼ਿਪ ਦੇ ਤੀਜੇ ਦਿਨ ਸੋਮਵਾਰ ਨੂੰ ਦੋ ਕਾਂਸੇ ਦੇ ਮੈਡਲ ਹਾਸਲ ਕੀਤੇ ਜਿਸ ਨਾਲ ਦੇਸ਼ ਦੇ ਨਾਂ ਹੁਣ ਕੁੱਲ 20 ਮੈਡਲ ਹੋ ਗਏ ਹਨ। ਰੋਨਾਲਡੋ ਸਿੰਘ ਇਕ ਕਿਲੋਮੀਟਰ ਟਾਈਮ ਟਰਾਇਲ ਮੁਕਾਬਲੇ ਵਿਚ ਅੰਤਰਰਾਸ਼ਟਰੀ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ। ਵਿਸ਼ਵ ਜੂਨੀਅਰ ਚੈਂਪੀਅਨ ਤੇ ਏਸ਼ਿਆਈ ਰਿਕਾਰਡ ਹਾਸਲ ਰੋਨਾਲਡੋ ਨੇ 58.254 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਸਾਈਕਿਲ ਚਲਾਉਂਦੇ ਹੋਏ ਇਕ ਮਿੰਟ 01.01.798 ਸਕਿੰਟ ਦੇ ਸਮੇਂ ਨਾਲ ਤੀਜਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ਵਿਚ ਜਾਪਾਨ ਦੇ ਯੁਤਾ ਓਬਾਰਾ ਇਕ ਮਿੰਟ 01.01.118 ਸਕਿੰਟ (59.902 ਕਿਲੋਮੀਟਰ ਪ੍ਰਤੀ ਘੰਟੇ) ਨੇ ਪਹਿਲਾ ਤੇ ਮਲੇਸ਼ੀਆ ਦੇ ਮੁਹੰਮਦ ਫਾਦਹਿਲ ਨੇ ਇਕ ਮਿੰਟ 01.01.639 ਸਕਿੰਟ ਦੇ ਸਮੇਂ ਨਾਲ ਦੂਜਾ ਸਥਾਨ ਹਾਸਲ ਕੀਤਾ। ਭਾਰਤ ਲਈ ਦਿਨ ਦਾ ਦੂਜਾ ਮੈਡਲ ਬਿਰਜੀਤ ਯੁਮਨਾਮ ਨੇ 10 ਕਿਲੋਮੀਟਰ ਦੇ 40 ਲੈਪ ਦੇ ਮਰਦ ਜੂਨੀਅਰ ਵਰਗ ਵਿਚ ਜਿੱਤਿਆ। ਉਨ੍ਹਾਂ ਨੇ 35ਵੇਂ ਲੈਪ ਤੋਂ ਬਾਅਦ ਲੀਆ ਕਰਬੁਤੋਵ (ਕਜ਼ਾਕਿਸਤਾਨ) ਤੇ ਅਮੀਰ ਅਲੀ (ਈਰਾਨ) ਨੂੰ ਪਛਾੜਦੇ ਹੋਏ ਇਹ ਮੈਡਲ ਹਾਸਲ ਕੀਤਾ। ਇਸ ਮੁਕਾਬਲੇ ਵਿਚ ਕੋਰੀਆ ਦੇ ਹਵਾਰੰਗ ਕਿਮ ਨੇ ਗੋਲਡ, ਜਦਕਿ ਮਲੇਸ਼ੀਆ ਦੇ ਜੁਲਫਹਮੀ ਏਮਾਨ ਨੇ ਸਿਲਵਰ ਮੈਡਲ ਹਾਸਲ ਕੀਤਾ।