ਸ੍ਰੀਲੰਕਾ ਦੇ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਖ਼ਿਲਾਫ਼ ਵਿਰੋਧੀ ਧਿਰ ਵੱਲੋਂ ਪੇਸ਼ ਕੀਤਾ ਗਿਆ ਬੇਭਰੋਸਗੀ ਮਤਾ ਮੰਗਲਵਾਰ ਨੂੰ ਸੰਸਦ ’ਚ ਡਿੱਗ ਗਿਆ। ਆਜ਼ਾਦੀ ਤੋਂ ਬਾਅਦ ਸਭ ਤੋਂ ਗੰਭੀਰ ਆਰਥਿਕ ਸੰਕਟ ਨਾਲ ਜੂਝ ਰਹੇ ਸ੍ਰੀਲੰਕਾ ’ਚ ਰਾਸ਼ਟਰਪਤੀ ਗੋਤਬਾਯਾ ਤੋਂ ਅਸਤੀਫ਼ੇ ਦੀ ਮੰਗ ਕਰਦਿਆਂ ਦੇਸ਼ ਭਰ ’ਚ ਵਿਰੋਧ ਮੁਜ਼ਾਹਰੇ ਹੋ ਰਹੇ ਹਨ।
ਸਥਾਨਕ ਅਖ਼ਬਾਰ ‘ਇਕੋਨਾਮੀ ਨੈਕਸਟ’ ਦੀ ਰਿਪੋਰਟ ਮੁਤਾਬਕ, ਵਿਰੋਧੀ ਤਮਿਲ ਨੈਸ਼ਨਲ ਅਲਾਇੰਸ (ਟੀਐੱਨਏ) ਦੇ ਸੰਸਦ ਮੈਂਬਰ ਐੱਮਏ ਸੁਮੰਥਿਰਨ ਨੇ ਰਾਸ਼ਟਰਪਤੀ ਰਾਜਪਕਸ਼ੇ ਪ੍ਰਤੀ ਨਾਰਾਜ਼ਗੀ ਪ੍ਰਗਟ ਕਰਨ ਵਾਲੇ ਮਤੇ ’ਤੇ ਬਹਿਸ ਲਈ ਸੰਸਦ ਦੇ ਸਥਾਈ ਹੁਕਮ ਮੁਲਤਵੀ ਕਰਨ ਦਾ ਮਤਾ ਪੇਸ਼ ਕੀਤਾ ਸੀ। 119 ਸੰਸਦ ਮੈਂਬਰਾਂ ਨੇ ਇਸ ਮਤੇ ਖ਼ਿਲਾਫ਼ ਤੇ ਸਿਰਫ਼ 68 ਨੇ ਮਤੇ ਦੇ ਪੱਖ ’ਚ ਵੋਟ ਪਾਈ। ਰਿਪੋਰਟ ਮੁਤਾਬਕ ਮਤੇ ਜ਼ਰੀਏ ਵਿਰੋਧੀ ਧਿਰ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਰਾਸ਼ਟਰਪਤੀ ਗੋਤਬਾਯਾ ਦੇ ਅਸਤੀਫ਼ੇ ਦੀ ਦੇਸ਼ ਪੱਧਰੀ ਮੰਗ ਦੇਸ਼ ਦੀ ਵਿਧਾਇਕਾ ’ਚ ਕਿਵੇਂ ਅਮਲ ’ਚ ਲਿਆਂਦੀ ਜਾ ਸਕਦੀ ਹੈ। ਮੁੱਖ ਵਿਰੋਧੀ ਪਾਰਟੀ ਸਮਾਗੀ ਜਨ ਬਾਲਵੇਗਾਯਾ (ਐੱਸਜੇਬੀ) ਦੇ ਸੰਸਦ ਮੈਂਬਰ ਲਕਸ਼ਮਣ ਕਿਰੀਲਾ ਨੇ ਮਤੇ ਦਾ ਸਮਰਥਨ ਕੀਤਾ। ਐੱਸਜੇਬੀ ਦੇ ਸੰਸਦ ਮੈਂਬਰ ਹਰਸ਼ ਡਿਸਿਲਵਾ ਨੇ ਦੱਸਿਆ ਕਿ ਮਤੇ ਖ਼ਿਲਾਫ਼ ਵੋਟਿੰਗ ਕਰਨ ਵਾਲਿਆਂ ’ਚ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਵੀ ਸ਼ਾਮਿਲ ਹਨ।
ਚੇਤੇ ਰਹੇ ਕਿ ਸ੍ਰੀਲੰਕਾ ਦੀ ਸੰਸਦ ’ਚ ਕੁਲ ਮੈਂਬਰਾਂ ਦੀ ਗਿਣਤੀ 225 ਹੈ। ਇਸ ਹਾਲਤ ’ਚ ਕਿਸੇ ਵੀ ਸੰਗਠਨ ਜਾਂ ਪਾਰਟੀ ਨੂੰ ਬਹੁਮਤ ਲਈ 113 ਮੈਂਬਰਾਂ ਦੇ ਸਮਰਥਨ ਦੀ ਜ਼ਰੂਰਤ ਹੁੰਦੀ ਹੈ।
ਸੱਤਾਧਾਰੀ ਦਲ ਦੇ ਸੰਸਦ ਮੈਂਬਰ ਨੂੰ ਚੁਣਿਆ ਗਿਆ ਡਿਪਟੀ ਸਪੀਕਰ
ਸ੍ਰੀਲੰਕਾ ਦੀ ਸੰਸਦ ਨੇ ਮੰਗਲਵਾਰ ਨੂੰ ਤਿੱਖੀ ਬਹਿਸ ਤੋਂ ਬਾਅਦ ਗੁਪਤ ਵੋਟਿੰਗ ਜ਼ਰੀਏ ਸੱਤਾਧਾਰੀ ਪਾਰਟੀ ਸ੍ਰੀਲੰਕਾ ਪੋਡੁਜਨਾ ਪੇਰੇਮੁਨਾ (ਐੱਸਐੱਲਪੀਪੀ) ਦੇ ਸੰਸਦ ਮੈਂਬਰ ਅਜਿਤ ਰਾਜਪਕਸ਼ੇ ਨੂੰ ਡਿਪਟੀ ਸਪੀਕਰ ਚੁਣ ਲਿਆ। ਰਾਨਿਲ ਵਿਕਰਮਸਿੰਘੇ ਨੂੰ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕੀਤੇ ਜਾਣ ਤੋਂ ਬਾਅਦ ਇਹ ਸੰਸਦ ਦੀ ਪਹਿਲੀ ਬੈਠਕ ਸੀ। ਅਜਿਤ ਨੂੰ 109 ਵੋਟਾਂ ਮਿਲੀਆਂ, ਜਦਕਿ ਮੁੱਖ ਵਿਰੋਧੀ ਪਾਰਟੀ ਐੱਸਜੇਬੀ ਦੀ ਰੋਹਿਣੀ ਕਵਿਰਤਨੇ ਨੂੰ 78 ਵੋਟਾਂ ਨਾਲ ਤੱਸਲੀ ਕਰਨੀ ਪਈ। ਅਜਿਤ ਦਾ ਸੱਤਾਧਾਰੀ ਰਾਜਪਕਸ਼ੇ ਪਰਿਵਾਰ ਨਾਲ ਕੋਈ ਸਬੰਧ ਨਹੀਂ, ਪਰ ਉਹ ਉਨ੍ਹਾਂ ਦੇ ਹੀ ਹੰਬਨਟੋਟਾ ਜ਼ਿਲ੍ਹੇ ਤੋਂ ਆਉਂਦੇ ਹਨ।
ਅਸ਼ੋਕ ਵਾਟਿਕਾ ਵੀ ਵਿੱਤੀ ਸੰਕਟ ਤੋਂ ਬੇਅਸਰ ਨਹੀਂ
ਦੇਸ਼ ’ਚ ਜਾਰੀ ਸੰਕਟ ਨਾਲ ਰਾਮਾਇਣ ਕਾਲ ਦੀ ਨੁਵਾਰਾ ਏਲੀਆ ਸਥਿਤ ਅਸ਼ੋਕ ਵਾਟਿਕਾ ਵੀ ਬੇਅਸਰ ਨਹੀਂ। ਮੰਦਿਰ ਦੇ ਚੇਅਰਮੈਨ ਤੇ ਨੁਵਾਰਾ ਏਲੀਆ ਤੋਂ ਸੰਸਦ ਮੈਂਬਰ ਵੀ. ਰਾਧਾਕ੍ਰਿਸ਼ਣਨ ਨੇ ਕਿਹਾ ਕਿ ਭਾਰਤ ਖ਼ਾਸ ਕਰ ਕੇ ਉੱਤਰ ਬਾਰਤ ਤੋਂ ਇਸ ਮੰਦਿਰ ’ਚ ਕਾਫ਼ੀ ਸ਼ਰਧਾਲੂ ਆਉਂਦੇ ਹਨ, ਪਰ ਹੁਣ ਕੋਈ ਵੀ ਨਹੀਂ ਆ ਰਿਹਾ। ਮੰਦਿਰ ਦੀ ਸਾਂਭ ਸੰਭਾਲ ਮੁਸ਼ਕਲ ਹੋ ਰਹੀ ਹੈ ਕਿਉਂਕਿ ਇਸਦਾ ਵਿਕਾਸ ਸ਼ਰਧਾਲੂਆਂ ਤੇ ਸੈਲਾਨੀਆਂ ’ਤੇ ਨਿਰਭਰ ਹੈ। ਸੈਲਾਨੀ ਸ੍ਰੀਲੰਕਾ ਆਉਣ ਤੋਂ ਡਰ ਰਹੇ ਹਨ।