ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ 11 ਵਜੇ ਆਪ ਸਰਕਾਰ ਦੇ ਦੋ ਮਹੀਨੇ ਪੂਰੇ ਹੋਣ ’ਤੇ ਪੰਜਾਬ ਭਵਨ ਵਿਚ ਲੋਕ ਮਿਲਣੀ ਪ੍ਰੋਗਰਾਮ ਰੱਖਿਆ ਸੀ। ਇਸ ਪ੍ਰੋਗਰਾਮ ਤਹਿਤ ਸੀਐਮ ਨੇ ਜਨਤਾ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਮੌਕੇ ’ਤੇ ਜਾਂ ਬਾਅਦ ਵਿਚ ਹੱਲ ਕਰਨ ਦਾ ਵਾਅਦਾ ਕੀਤਾ ਸੀ। ਪਰ ਇਹ ਪ੍ਰੋਗਰਾਮ ਉਸ ਵੇਲੇ ਲੋਕਾਂ ਲਈ ਮੁਸੀਬਤ ਬਣ ਗਿਆ ਜਦੋਂ ਦੂਰ ਦਰਾਡੇ ਤੋਂ ਆਏ ਲੋਕਾਂ ਨੂੰ ਪੰਜਾਬ ਭਵਨ ਦੇ ਅੰਦਰ ਦਾਖਲ ਹੋਣ ਤੋਂ ਰੋਕਣ ਲਈ ਬੈਰੀਕੇਡ ਲਗਾ ਦਿੱਤੇ ਗਏ। ਪੰਜਾਬ ਭਵਨ ਦੇ ਦੋਵੇਂ ਦਰਵਾਜ਼ੇ ਬੰਦ ਕਰ ਦਿੱਤੇ ਗਏ। ਸਵੱਖਤੇ 4 ਤੋਂ 5 ਵਜੇ ਦੇ ਅੰਮ੍ਰਿਤਸਰ, ਫਿਰੋਜ਼ਪੁਰ, ਗੁਰਦਾਸਪੁਰ,ਫਾਜ਼ਿਲਕਾ ਆਦਿ ਪਿੰਡਾਂ ਸ਼ਹਿਰਾਂ ਤੋਂ ਆਪਣੀਆਂ ਸਮੱਸਿਆਵਾਂ ਲੈ ਕੇ ਪਹੁੰਚੇ ਲੋਕਾਂ ਨੂੰ ਮੁੱਖ ਮੰਤਰੀ ਨਾਲ ਮਿਲਣ ਨਹੀਂ ਦਿੱਤਾ ਗਿਆ। ਉਹ ਆਪਣੇ ਦੁਖਡ਼ੇ ਸੁਣਾਉਣ ਦੀ ਥਾਂ ਪੁਲਿਸ ਤੋਂ ਧੱਕੇ ਖਾਣ ਲਈ ਮਜਬੂੁਰ ਹੋ ਗਏ। ਇਸ ਨੂੰ ਲੈ ਕੇ ਗੁੱਸੇ ਵਿਚ ਆਏ ਲੋਕਾਂ ਨੇ ਉਥੇ ਸਰਕਾਰ ਖਿਲਾਫ਼ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ।
ਜ਼ਿਕਰਯੋਗ ਹੈ ਕਿ ਪੰਜਾਬ ਭਵਨ ਵਿਚ ਮੀਡੀਆ ਦੀ ਐਂਟਰੀ ’ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਦੱਸ ਦੇਈਏ ਕਿ ਸਰਕਾਰ ਦੇ ਅੱਜ ਦੋ ਮਹੀਨੇ ਪੂਰੇ ਹੋ ਗਏ ਹਨ ਪਰ ਅਜੇ ਤਕ ਮੁੱਖ ਮੰਤਰੀ ਭਗਵੰਤ ਮਾਨ ਚੰਡੀਗਡ਼੍ਹ ਦੇ ਮੀਡੀਏ ਨਾਲ ਰੂਬਰੂ ਨਹੀਂ ਹੋਏ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਿੰਡਾਂ ਵਿਚ ਜਾ ਕੇ ਸੰਗਤ ਦਰਸ਼ਨ ਕਰਦੇ ਸਨ ਤੇ ਲੋਕਾਂ ਦੀ ਸਮੱਸਿਆਵਾਂ ਦਾ ਹੱਲ ਕਰਦੇ ਸਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਜਨਤਾ ਦਰਬਾਰ ਲਾ ਕੇ ਲੋਕਾਂ ਦੀਆਂ ਪਰੇਸ਼ਾਨੀਆਂ ਦਾ ਹੱਲ ਕਰਨਗੇ।