ਓਲੰਪਿਕ ਤੋਂ ਲੈ ਕੇ ਹਰ ਇਕ ਆਲਮੀ ਪੱਧਰ ਦੇ ਖੇਡ ਮੁਕਾਬਲਿਆਂ ’ਚ ਹਿੱਸਾ ਲੈਣ ਵਾਲੇ ਖਿਡਾਰੀ ਖੇਡ ਮੁਕਾਬਲੇ ਸ਼ੁਰੂ ਹੋਣ ਤੋਂ ਪਹਿਲਾਂ ਅਕਸਰ ਸਹੁੰ ਚੁੱਕਦੇ ਹਨ, ਜਿਸ ਦੌਰਾਨ ਉਹ ਨਿਯਮਾਂ ਦਾ ਸਨਮਾਨ ਕਰਦਿਆਂ ਨਿਰਪੱਖ ਖੇਡ, ਸ਼ਮੂਲੀਅਤ ਤੇ ਬਰਾਬਰਤਾ ਦੀ ਭਾਵਨਾ ਨਾਲ ਖੇਡਾਂ ’ਚ ਹਿੱਸਾ ਲੈਣ ਦਾ ਵਾਅਦਾ ਕਰਦੇ ਹਨ। ਨਾਲ ਹੀ ਉਹ ਇਕੱਠੇ ਇਕਜੁੱਟਤਾ ਰੱਖਦਿਆਂ ਬਗ਼ੈਰ ਡੋਪਿੰਗ, ਧੋਖਾਧੜੀ ਤੇ ਕਿਸੇ ਭੇਦਭਾਵ ਤੋਂ ਆਪਣੇ ਆਪ ਨੂੰ ਖੇਡਾਂ ਲਈ ਵਚਨਬੱਧ ਰਹਿਣ ਦਾ ਅਹਿਦ ਵੀ ਕਰਦੇ ਹਨ। ਓਲੰਪਿਕ ਖੇਡਾਂ ’ਚ ਪਹਿਲੀ ਵਾਰ ਇਹ ਸਹੁੰ 1920 ’ਚ ਚੁੱਕੀ ਗਈ ਸੀ ਪਰ ਉਸ ਵੇਲੇ ਇਸ ਸਹੁੰ ’ਚ ਡੋਪਿੰਗ ਸ਼ਬਦ ਸ਼ਾਮਿਲ ਨਹੀਂ ਸੀ ਕੀਤਾ ਗਿਆ। ਡੋਪਿੰਗ ਸ਼ਬਦ ਪਹਿਲੀ ਵਾਰ 2000 ਦੀਆਂ ਸਿਡਨੀ ਓਲੰਪਿਕ ਖੇਡਾਂ ’ਚ ਵਰਤਿਆ ਗਿਆ।
ਖੇਡਾਂ ’ਚ ਵਧੀਆ ਕਾਰਗੁਜ਼ਾਰੀ ਦਿਖਾਉਣ ਦੇ ਚੱਕਰਾਂ ’ਚ ਕਈ ਖਿਡਾਰੀਆਂ ਵੱਲੋਂ ਡੋਪਿੰਗ ਦਾ ਸਹਾਰਾ ਲਿਆ ਜਾਂਦਾ ਹੈ , ਜਿਸ ਕਾਰਨ ਵਰਲਡ ਐਂਟੀ ਡੋਪਿੰਗ ਏਜੰਸੀ ਹੋਂਦ ’ਚ ਆਈ। ਇਸੇ ਲੜੀ ’ਚ ਭਾਰਤ ਵਿਖੇ ਨੈਸ਼ਨਲ ਐਂਟੀ ਡੋਪਿੰਗ ਏਜੰਸੀ ਦੀ ਸਥਾਪਨਾ ਹੋਈ। ਅਥਲੈਟਿਕਸ ਦੀ ਸਿਰਮੌਰ ਸੰਸਥਾ ਵਰਲਡ ਅਥਲੈਟਿਸ ਵੱਲੋਂ ਡੋਪਿੰਗ ਨੂੰ ਨਕੇਲ ਪਾਉਣ ਲਈ 2017 ’ਚ ਅਥਲੈਟਿਕਸ ਇੰਟੀਗਿ੍ਰਟੀ ਯੂਨਿਟ (ਏਆਈਯੂ ) ਦੀ ਸਥਾਪਨਾ ਕੀਤੀ। ਇਸੇ ਯੂਨਿਟ ਨੇ ਪਿਛਲੇ ਸਾਲ ਟੋਕੀਓ ਓਲੰਪਿਕ ਖੇੇਡਾਂ ’ਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੀ ਸਟਾਰ ਭਾਰਤੀ ਡਿਸਕਸ ਥਰੋਅਰ ਕਮਲਪ੍ਰੀਤ ਕੌਰ ਨੂੰ ਡੋਪ ਟੈਸਟ ’ਚ ਪਾਬੰਦੀਸ਼ੁਦਾ ਡਰੱਗ ਸਟੈਨੋਜੋਲੋਲ ਦੇ ਅੰਸ਼ ਪਾਏ ਜਾਣ ਤੋਂ ਬਾਅਦ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਹੈ।
ਇਹ ਓਹੀ ਡਰੱਗ ਹੈ, ਜਿਸ ਦੇ ਸੇਵਨ ਸਦਕਾ ਕੈਨੇਡੀਅਨ ਸਟਾਰ ਸਪਰਿੰਟਰ ਬੈਨ ਜੋਨਸਨ ਦਾ ਸੋਨ ਤਮਗਾ ਖੁੱਸਿਆ ਸੀ, ਜੋ ਉਸ ਨੇ 1988 ਦੀਆਂ ਸਿਓਲ ਤੋਓਲੰਪਿਕ ਖੇਡਾਂ ’ਚ 100 ਮੀਟਰ ਦੀ ਦੌੜ ’ਚ ਜਿੱਤਿਆ ਸੀ ।
ਏਆਈਯੂ ਵਰਲਡ ਅਥਲੈਟਿਕਸ ਵੱਲੋਂ ਬਣਾਈ ਗਈ ਸੁਤੰਤਰ ਸੰਸਥਾ ਹੈ, ਉਸ ਅਨੁਸਾਰ ਕਮਲਪ੍ਰੀਤ ਕੌਰ ਦੇ ਸਰੀਰ ’ਚ ਸਟੈਨੋਜੋਲੋਲ ਦੇ ਅੰਸ਼ ਮਿਲੇ ਹਨ, ਜੋ ਅਥਲੈਟਿਕਸ ਗਵਰਨਿੰਗ ਬਾਡੀ ਵੱਲੋਂ ਵਰਜਿਤ ਐਨਾਬੋਲਿਕ ਸਟੀਰਾਈਡ ਦੀ ਸ਼੍ਰੇਣੀ ’ਚ ਆਉਂਦਾ ਹੈ।
ਇਸ ਵਿਸ਼ੇ ’ਤੇ ਕਮਲਪ੍ਰੀਤ ਨੇ ਸਪੱਸ਼ਟ ਕੀਤਾ ਹੈ ਕਿ ਉਸ ਨੂੰ ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ (ਏਐੱਫਆਈ) ਵੱਲੋਂ ਇਕ ਨਿੱਜੀ ਵਿਕਰੇਤਾ ਤੋਂ ਰਾਸ਼ਟਰੀ ਕੈਂਪਰਾਂ ਨੂੰ ਪ੍ਰਦਾਨ ਕੀਤੇ ਗਏ ਪ੍ਰੋਟੀਨ ਸਪਲੀਮੈਂਟ ਬਾਰੇ ਯਕੀਨ ਨਹੀਂ ਸੀ।
ਉਸ ਨੇ ਅਪ੍ਰੈਲ ਦੇ ਅਖੀਰ ’ਚ ਨੈਸ਼ਨਲ ਐਂਟੀ ਡੋਪਿੰਗ ਏਜੰਸੀ ਤੇ ਨੈਸ਼ਨਲ ਡੋਪ ਟੈਸਟਿੰਗ ਲੈਬਾਰਟਰੀ ਨੂੰ ਲੈਬ ’ਚ ਟੈਸਟ ਕਰਵਾਉਣ ਲਈ ਵੀ ਸੰਪਰਕ ਕੀਤਾ ਸੀ ਕਿਉਂਕਿ ਉਸ ਨੂੰ ਇਸ ਦੀ ਪ੍ਰਮਾਣਿਕਤਾ ਬਾਰੇ ਸ਼ੱਕ ਸੀ।
ਕਮਲਪ੍ਰੀਤ ਕੌਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਸ ਨੇ ਆਪਣੀ ਜ਼ਿੰਦਗੀ ’ਚ ਕਦੇ ਵੀ ਕੋਈ ਡਰੱਗ ਦਾ ਸਹਾਰਾ ਨਹੀਂ ਲਿਆ ਤੇ ਉਹ ਖ਼ੁਦ ਸਾਜ਼ਿਸ਼ ਦਾ ਪਰਦਾਫ਼ਾਸ਼ ਕਰਨ ਦੀ ਕੋਸ਼ਿਸ਼ ’ਚ ਸੀ। ਉਸ ਨੇ ਕਿਹਾ ਕਿ ਉਹ ਮਹਿਸੂਸ ਕਰਦੀ ਹੈ ਕਿ ਇਸ ਸਾਜ਼ਿਸ਼ ਪਿੱਛੇ ਇਕ ਸੀਨੀਅਰ ਸਾਥੀ ਅਥਲੀਟ ਸ਼ਾਮਲ ਹੈ। ਦਰਅਸਲ ਡਿਸਕਸ ਥਰੋਅਰ ਸੀਮਾ ਪੂਨੀਆ ਨੇ ਪਿਛਲੇ ਸਾਲ ਜੂਨ ’ਚ ਕਮਲਪ੍ਰੀਤ ਦੇ ਹਾਈਪਰੈਂਡਰੋਜੇਨਿਜ਼ਮ ਟੈਸਟ ਦੀ ਮੰਗ ਕੀਤੀ ਸੀ। ਪੂਨੀਆ ਨੇ ਕਮਲਪ੍ਰੀਤ ਦੇ ਡਿਸਕਸ ’ਚ ਕੌਮੀ ਰਿਕਾਰਡ ਤੋੜਨ ਤੋਂ ਬਾਅਦ ਅਥਲੈਟਿਕਸ ਫੈਡਰੇਸ਼ਨ ਨੂੰ ਲਿਖਿਆ ਸੀ ਪਰ ਇਸ ਖਿੱਚੋਤਾਣ ਤੋਂ ਬਾਅਦ ਵੀ ਉਹ ਟੋਕੀਓ ਓਲੰਪਿਕਸ ਦਾ ਹਿੱਸਾ ਬਣੀ ਸੀ।
ਭਾਰਤੀ ਖੇਡ ਇਤਿਹਾਸ ’ਚ ਇਹ ਪਹਿਲਾ ਮੌਕਾ ਨਹੀਂ ਜਦੋਂ ਆਪਸੀ ਰੰਜ਼ਿਸ਼ ਕਾਰਨ ਖਿਡਾਰੀਆਂ ਨੂੰ ਇਸ ਤਰ੍ਹਾਂ ਦੀ ਦੂਸ਼ਣਬਾਜ਼ੀ ਦਾ ਸ਼ਿਕਾਰ ਹੋਣਾ ਪਿਆ ਹੋਵੇ। 2016 ਦੀਆਂ ਰੀਓ ਓਲੰਪਿਕ ਖੇਡਾਂ ਤੋਂ ਪਹਿਲਾਂ ਭਲਵਾਨ ਨਰ ਸਿੰਘ ਯਾਦਵ ਨੂੰ ਵੀ ਇਸ ਤਰ੍ਹਾਂ ਦੀ ਦੂਸ਼ਣਬਾਜ਼ੀ ਦਾ ਸ਼ਿਕਾਰ ਹੋਣਾ ਪਿਆ ਸੀ। ਉਸ ਸਮੇਂ ਸੁਸ਼ੀਲ ਕੁਮਾਰ ਤੇ ਨਰ ਸਿੰਘ ਯਾਦਵ ਨੂੰ ਡਰੱਗ ਮਸਲੇ ’ਚ ਫਸਾਉਣ ਦੇ ਇਲਜ਼ਾਮ ਲੱਗੇ ਸਨ।
ਸੱਚਾਈ ਜੋ ਵੀ ਹੋਵੇ, ਸਾਹਮਣੇ ਆਉਣੀ ਚਾਹੀਦੀ ਹੈ। ਜੇ ਕਮਲਪ੍ਰੀਤ ਕਿਸੇ ਸਾਜ਼ਿਸ਼ ਅਧੀਨ ਇਸ ਦਾ ਸ਼ਿਕਾਰ ਹੋਈ ਹੈ ਤਾਂ ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਨੂੰ ਦੋਸ਼ੀਆਂ ’ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਕਮਲਪ੍ਰੀਤ ਨੇ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਓਲੰਪਿਕ ਵਰਗੀਆਂ ਉੱਚਾਈਆਂ ਨੂੰ ਛੂਹਿਆ ਹੈ। ਜੇ ਉਸ ਨਾਲ ਕੋਈ ਨਾਇਨਸਾਫ਼ੀ ਹੋਈ ਹੈ ਤਾਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਦੂਜੇ ਉੱਭਰਦੇ ਅਥਲੀਟ ਮਾੜੀ ਰਾਜਨੀਤੀ ਦਾ ਸ਼ਿਕਾਰ ਹੋਣ ਤੋਂ ਬਚ ਜਾਣ ਅਤੇ ਦੇਸ਼ ਦਾ ਨਾਂ ਖੇਡਾਂ ਦੇ ਖੇਤਰ ’ਚ ਉੱਚਾ ਚੁੱਕ ਸਕਣ।