ਦੋ ਦਿਨਾ ਦਿੱਲੀ ਦੌਰ ’ਤੇ ਆਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਨਾਲ ਸਾਂਝੀ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਪੰਜਾਬ ਨੂੰ ਮੁੜ ਤੋਂ ਪੰਜਾਬ ਬਣਾਇਆ ਜਾਵੇਗਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਖੇਤੀਬਾੜੀ ’ਚ ਵੀ ਸੁਧਾਰ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਇਸ਼ਾਰਾ ਕੀਤਾ ਹੈ ਕਿ ਪੰਜਾਬ ’ਚ ਵੀ ਦਿੱਲੀ ਮਾਡਲ ਲਾਗੂ ਹੋਵੇਗਾ। ਉਨ੍ਹਾਂ ਦਾ ਇਸ਼ਾਰਾ ਦਿੱਲੀ ਦੇ ਸਕੂਲੀ ਸਿੱਖਿਆ ਮਾਡਲ ਅਤੇ ਮੁਹੱਲਾ ਕਲੀਨਿਕਾਂ ਨੂੰ ਪੰਜਾਬ ਵਿਚ ਲਾਗੂ ਕਰਨਾ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ’ਚ ਬੁੱਧਵਾਰ ਤੋਂ ਹੀ 117 ਸਕੂਲਾਂ ਅਤੇ 117 ਮੁਹੱਲਾ ਕਲੀਨਿਕਾਂ ਦਾ ਕੰਮ ਸ਼ੁਰੂ ਹੋ ਜਾਵੇਗਾ। ਹਰ ਵਿਧਾਨ ਸਭਾ ’ਚ ਵੀ ਇਕ-ਇਕ ਸਕੂਲ ’ਤੇ ਕੰਮ ਹੋਵੇਗਾ।
ਇਸ ਮੌਕੇ ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਨਾਲੇਜ ਸ਼ੇਅਰਿੰਗ ਯਾਨੀ ਗਿਆਨ ਦਾ ਅਦਾਨ-ਪ੍ਰਦਾਨ। ਹਮੇਸ਼ਾ ਵਿਦਿਆਰਥੀ ਬਣ ਕੇ ਰਹੋ। ਕਈ ਵਾਰ ਛੋਟੇ ਬੱਚਿਆਂ ਕੋਲੋਂ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਸੋਮਵਾਰ ਨੂੰ ਅਸੀਂ ਦਿੱਲੀ ਦੇ ਸਕੂਲਾਂ ਦਾ ਦੌਰਾ ਕੀਤਾ ਤੇ ਇੱਥੋਂ ਦੇ ਪ੍ਰਬੰਧ ਦੇਖੇ। ਪੰਜਾਬ ਵਿਚ 19 ਹਜ਼ਾਰ ਸਕੂਲ ਅਤੇ 23 ਲੱਖ ਬੱਚੇ ਹਨ। ਅਸੀਂ ਇੱਥੋਂ ਬਿਹਤਰ ਪ੍ਰਣਾਲੀ ਨੂੰ ਉੱਥੇ ਲਾਗੂ ਕਰਾਂਗੇ। ਪਹਿਲਾਂ ਪੰਜਾਬ ਵਿਚ ਖੇਡਾਂ ਦੀ ਹਾਲਤ ਚੰਗੀ ਸੀ ਪਰ ਫਿਰ ਕੁਝ ਸਰਕਾਰਾਂ ਨੇ ਇਸ ਨੂੰ ਨਜ਼ਰ ਲਗਾ ਦਿੱਤੀ। ਇਸ ਨੈਲੇਜ ਸ਼ੇਅਰਿੰਗ ਐਗਰੀਮੈਂਟ ਨਾਲ ਅਸੀਂ ਪੰਜਾਬ ਦੇ ਹਰ ਖੇਤਰ ਨੂੰ ਬਿਹਤਰ ਬਣਾਵਾਂਗੇ।
ਭਗਵੰਤ ਮਾਨ ਨੇ ਤਾਂ ਇੱਥੋਂ ਤਕ ਕਹਿ ਦਿੱਤਾ ਕਿ ਜੇ ਵਿਦੇਸ਼ ਜਾਣਾ ਪਿਆ ਤਾਂ ਉੱਥੇ ਵੀ ਜਾਵਾਂਗੇ। ਪੰਜਾਬ ਨੂੰ ਮੁੜ ਪੰਜਾਬ ਬਣਾਵਾਂਗੇ। ਇਸ ਨੂੰ ਕੈਨੇਡਾ-ਫਿਨਲੈਂਡ ਨਹੀਂ ਬਣਾਉਣਾ ਸਗੋਂ ਖੁਸ਼ਹਾਲ ਪੰਜਾਬ ਬਣਾਉਣਾ ਹੈ। ਕੱਲ੍ਹ ਮੈਂ ਬਿਜਲੀ ਮੰਤਰੀ ਨੂੰ ਵੀ ਮਿਲਿਆ। ਸਿਹਤ, ਸਿੱਖਿਆ, ਬਿਜਲੀ ’ਚ ਵੀ ਵਧੀਆ ਕੰਮ ਕਰਾਂਗੇ। ਕੇਜਰੀਵਾਲ ਜਦੋਂ ਦਿੱਲੀ ਦੇ ਮੁੱਖ ਮੰਤਰੀ ਬਣੇ ਤਾਂ ਦਿੱਲੀ ’ਚ ਬਿਜਲੀ ਸਭ ਤੋਂ ਮਹਿੰਗੀ ਸੀ, ਹੁਣ ਸਭ ਤੋਂ ਸਸਤੀ ਹੈ। ਅਸੀਂ ਪੰਜਾਬ ’ਚ ਵੀ ਅਜਿਹਾ ਹੀ ਕਰਾਂਗੇ। ਅਸੀਂ ਤਾਂ ਬਿਜਲੀ ਬਣਾਉਂਦੇ ਵੀ ਹਾਂ, ਦਿੱਲੀ ਨਹੀਂ ਬਣਾਉਂਦੀ। ਜਲਦ ਹੀ ਪੰਜਾਬ ਨੂੰ ਨਸ਼ੇ ਦੇ ਜਾਲ ਤੋਂ ਮੁਕਤ ਕਰਾਵਾਂਗੇ, ਰੋਡ ਮੈਪ ਤਿਆਰ ਕਰ ਰਹੇ ਹਾਂ। ਜਲਦ ਹੀ ਬਜਟ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਬਹੁਤ ਸਾਰੇ ਐੱਨਆਰਆਈਜ਼ ਫੋਨ ਕਰ ਰਹੇ ਹਨ, ਜੋ ਕਿਸੇ ਪਿੰਡ ਜਾਂ ਸਕੂਲ ਨੂੰ ਗੋਦ ਲੈਣਾ ਚਾਹੁੰਦੇ ਹਨ, ਨਿਵੇਸ਼ ਕਰਨਾ ਚਾਹੁੰਦੇ ਹਨ। ਉਨ੍ਹਾਂ ਨੂੰ ਸਾਡੀ ਸਰਕਾਰ ’ਤੇ ਵਿਸ਼ਵਾਸ ਹੈ।