ਮਸ਼ਹੂਰ ਬਾਲੀਵੁਡ ਅਦਾਕਾਰ ਆਰ ਮਾਧਵਨ ਦੇ ਪੁੱਤਰ ਵੇਦਾਂਤ ਮਾਧਵਨ ਨੇ ਸਕਾਰਾਤਮਕ ਸ਼ੁਰੂਆਤ ਕਰਦੇ ਹੋਏ ਆਪਣੇ ਨਿੱਜੀ ਸਰਬੋਤਮ ਪ੍ਰਦਰਸ਼ਨ ਵਿਚ ਸੁਧਾਰ ਕੀਤਾ ਤੇ ਡੈਨਮਾਰਕ ਦੇ ਕੋਪੇਨਹੇਗਨ ਵਿਚ ਦਾਨਿਸ਼ ਓਪਨ ਤੈਰਾਕੀ ਚੈਂਪੀਅਨਸ਼ਿਪ ਵਿਚ ਮਰਦ 1500 ਮੀਟਰ ਫ੍ਰੀਸਟਾਈਲ ਮੁਕਾਬਲੇ ਵਿਚ ਸਿਲਵਰ ਮੈਡਲ ਹਾਸਲ ਕੀਤਾ।
ਵੇਦਾਂਤ ਨੇ 10 ਤੈਰਾਕਾਂ ਦੇ ਫਾਈਨਲ ਵਿਚ 15.57.86 ਸਕਿੰਟ ਦੇ ਸਮੇਂ ਨਾਲ ਦੂਜਾ ਸਥਾਨ ਹਾਸਲ ਕੀਤਾ। ਸੋਲ੍ਹਾ ਸਾਲ ਦੇ ਇਸ ਖਿਡਾਰੀ ਨੇ ਮਾਰਚ 2021 ਵਿਚ ਲਾਤਵੀਆ ਓਪਨ ਵਿਚ ਕਾਂਸੇ ਦਾ ਮੈਡਲ ਜਿੱਤਿਆ ਸੀ। ਉਨ੍ਹਾਂ ਨੇ ਪਿਛਲੇ ਸਾਲ ਜੂਨੀਅਰ ਰਾਸ਼ਟਰੀ ਤੈਰਾਕੀ ਚੈਂਪੀਅਨਸ਼ਿਪ ਵਿਚ ਵੀ ਪ੍ਰਭਾਵਿਤ ਕਰਦੇ ਹੋਏ ਸੱਤ ਮੈਡਲ (ਚਾਰ ਸਿਲਵਰ ਤੇ ਤਿੰਨ ਕਾਂਸੇ) ਜਿੱਤੇ ਸਨ।
ਭਾਰਤੀ ਤੈਰਾਕ ਸਾਜਨ ਪ੍ਰਕਾਸ਼ ਨੇ ਮਰਦ 200 ਮੀਟਰ ਬਟਰਫਲਾਈ ਵਿਚ ਗੋਲਡ ਮੈਡਲ ਜਿੱਤ ਕੇ ਸੈਸ਼ਨ ਦੀ ਜਿੱਤ ਨਾਲ ਸ਼ੁਰੂਆਤ ਕੀਤੀ। ਇਸ ਸਾਲ ਆਪਣੀ ਪਹਿਲੀ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਵਿਚ ਹਿੱਸਾ ਲੈ ਰਹੇ ਪ੍ਰਕਾਸ਼ ਨੇ 1.59.27 ਸਕਿੰਟ ਦਾ ਸਮਾਂ ਕੱਢ ਕੇ ਚੋਟੀ ਦਾ ਸਥਾਨ ਹਾਸਲ ਕੀਤਾ। ਇਸ ਤੋਂ ਪਹਿਲਾਂ ਕੇਰਲ ਦੇ ਇਸ ਤੈਰਾਕ ਨੇ ਹੀਟ ਵਿਚ 2.03.67 ਸਕਿੰਟ ਦਾ ਸਮਾਂ ਕੱਢ ਕੇ ‘ਏ’ ਫਾਈਨਲ ਲਈ ਕੁਆਲੀਫਾਈ ਕੀਤਾ ਸੀ। ਸ਼ਕਤੀ ਬਾਲਕ੍ਰਿਸ਼ਣਨ ਮਹਿਲਾ 400 ਮੀਟਰ ਮੇਡਲੇ ਦੇ ਬੀ ਫਾਈਨਲ ਵਿਚ ਦੂਜੇ ਤੇ ਓਵਰਆਲ ਅੱਠਵੇਂ ਸਥਾਨ ‘ਤੇ ਰਹੀ। ਚੈਂਪੀਅਨਸ਼ਿਫ ਵਿਚ ਹਿੱਸਾ ਲੈ ਰਹੇ ਚੌਥੇ ਭਾਰਤੀ ਤੈਰਾਕ ਤਨੀਸ਼ ਜਾਰਜ ਮੈਥਿਊ 50 ਮੀਟਰ ਫ੍ਰੀਸਟਾਈਲ ਵਿਚ 29ਵੇਂ ਸਥਾਨ ‘ਤੇ ਰਹੇ।