ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਭ੍ਰਿਸ਼ਟਾਚਾਰ ਹੈਲਪਲਾਈਨ ਨੰਬਰ ਜਾਰੀ ਕਰਨ ਤੋਂ ਤੁਰੰਤ ਬਾਅਦ ਹੀ ਉਨ੍ਹਾਂ ਕੋਲ ਸ਼ਿਕਾਇਤਾਂ ਪੁੱਜਣੀਆਂ ਸ਼ੁਰੂ ਹੋ ਗਈਆਂ ਹਨ। ਮੁੱਖ ਮੰਤਰੀ ਵੱਲੋਂ ਦਿੱਤੇ ਗਏ ਵ੍ਹੱਟਸਐਪ ਨੰਬਰ ਉੱਪਰ ਸਭ ਤੋਂ ਪਹਿਲੀ ਸ਼ਿਕਾਇਤ ਬਠਿੰਡਾ ਜ਼ਿਲ੍ਹੇ ਦੇ ਇਕ ਨਾਇਬ ਤਹਿਸੀਲਦਾਰ ਜਗਤਾਰ ਸਿੰਘ ਦੀ ਕੀਤੀ ਗਈ ਹੈ। ਉੱਘੇ ਸਮਾਜ ਸੇਵੀ ਅਤੇ ਸ੍ਰੀ ਗਊਸ਼ਾਲਾ ਸਿਰਕੀ ਬਾਜ਼ਾਰ ਬਠਿੰਡਾ ਦੇ ਜਨਰਲ ਸਕੱਤਰ ਸਾਧੂ ਰਾਮ ਕੁਸ਼ਲਾ ਨੇ ਮੁੱਖ ਮੰਤਰੀ ਨੂੰ ਭੇਜੀ ਸ਼ਿਕਾਇਤ ਵਿਚ ਬਠਿੰਡਾ ਜ਼ਿਲ੍ਹੇ ਦੀ ਸਬ ਤਹਿਸੀਲ ਤਲਵੰਡੀ ਸਾਬੋ ਦੇ ਨਾਇਬ ਤਹਿਸੀਲਦਾਰ ਜਗਤਾਰ ਸਿੰਘ ਉੱਪਰ ਤਿੰਨ ਹਜਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਲਾਏ ਹਨ। ਉਨ੍ਹਾਂ ਸਬੂਤਾਂ ਸਮੇਤ ਭੇਜੀ ਸ਼ਿਕਾਇਤ ਵਿਚ ਦੱਸਿਆ ਕਿ ਬਠਿੰਡਾ ਵਿਚ ਸਾਲ 1908 ਤੋਂ ਗਊਸ਼ਾਲਾ ਵਿਚ ਬੇਸਹਾਰਾ ਪਸ਼ੂਆਂ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ ਅਤੇ ਇਹ ਗਊਸ਼ਾਲਾ ਦਾਨੀ ਸੱਜਣਾਂ ਵੱਲੋਂ ਕੀਤੇ ਦਾਨ ਦੇ ਸਹਾਰੇ ਚੱਲ ਰਹੀ ਹੈ। ਸ਼ਿਕਾਇਤ ਵਿਚ ਉਨ੍ਹਾਂ ਦੱਸਿਆ 6 ਕਨਾਲ 15 ਮਰਲੇ ਰਕਬਾ ਪਿੰਡ ਸੇਖੂ ਤਹਿਸੀਲ ਤਲਵੰਡੀ ਸਾਬੋ ਦਾ ਉਨ੍ਹਾਂ ਗਊਸ਼ਾਲਾ ਨੂੰ ਦਾਨ ਕਰਨਾ ਸੀ। 28 ਜਨਵਰੀ 2022 ਨੂੰ ਉਹ ਰਜਿਸਟਰੀ ਕਰਵਾਉਣ ਲਈ ਤਹਿਸੀਲ ਵਿਚ ਗਏ ਸਨ ਜਿੱਥੇ ਉਨ੍ਹਾਂ ਨਾਲ ਜਸ਼ਵਿੰਦਰ ਗੁਪਤਾ ਕੈਸ਼ੀਅਰ ਗਊਸ਼ਾਲਾ ਬਠਿੰਡਾ, ਸੰਜੇ ਕੁਮਾਰ ਜਿੰਦਲ, ਜੋਗਿੰਦਰ ਚੰਦ ਪੁੱਤਰ ਭਾਗ ਸਿੰਘ ਵਾਸੀ ਸੇਖੂ ਵੀ ਸਨ। ਕੁਸਲਾ ਨੇ ਦੱਸਿਆ ਕਿ ਉਹ ਸਵੇਰੇ ਸਾਢੇ ਦਸ ਵਜੇ ਤਹਿਸੀਲ ਦਫ਼ਤਰ ਵਿਚ ਪਹੁੰਚ ਗਏ ਸਨ। ਕਰੀਬ ਤਿੰਨ ਘੰਟੇ ਉਹ ਸਬ ਰਜਿਸਟਰਾਰ ਦੇ ਕਮਰੇ ਵਿਚ ਵਸੀਕੇ ਤਸਦੀਕ ਕਰਵਾਉਣ ਲਈ ਖੜ੍ਹੇ ਰਹੇ ਅਤੇ ਵਾਰ ਵਾਰ ਸੁਨੇਹਾ ਭੇਜਣ ਦੇ ਬਾਵਜੂਦ ਵੀ ਉਨ੍ਹਾਂ ਦੇ ਵਸੀਕੇ ਤਸਦੀਕ ਨਹੀਂ ਕੀਤੇ ਗਏ। ਉਨ੍ਹਾਂ ਦੱਸਿਆ ਕਿ ਕਾਫੀ ਲੰਬੇ ਇੰਤਜ਼ਾਰ ਤੋਂ ਬਾਅਦ ਜਦੋਂ ਉਹ ਸਬ ਰਜਿਸਟਰਾਰ ਕੋਲ ਬੇਨਤੀ ਕਰਨ ਲਈ ਗਏ ਤਾਂ ਉਨ੍ਹਾਂ ਨੇ ਇਸ਼ਾਰੇ ਨਾਲ ਮੈਨੂੰ ਬਾਹਰ ਜਾਣ ਲਈ ਕਹਿ ਦਿੱਤਾ। ਕਰੀਬ ਦੋ ਵਜੇ ਰਜਿਸਟਰੀ ਲਿਖਣ ਵਾਲੇ ਵਕੀਲ ਦਾ ਮੁਨਸ਼ੀ ਨਾਇਬ ਤਹਿਸੀਲਦਾਰ ਕੋਲ ਗਿਆ ਅਤੇ ਉਸ ਦੇ ਕੰਨ ਵਿਚ ਕੋਈ ਗੱਲ ਕਹੀ ਜਿਸ ਤੋਂ ਬਾਅਦ ਉਨ੍ਹਾਂ ਦੇ ਵਸੀਕੇ ਤਸਦੀਕ ਕੀਤੇ ਗਏ। ਉਨ੍ਹਾਂ ਦੱਸਿਆ ਕਿ ਉਸ ਸਮੇਂ ਸਾਨੂੰ ਹੈਰਾਨੀ ਹੋਈ ਜਦੋਂ ਰਜਿਸਟਰੀ ਲਿਖਣ ਵਾਲੇ ਨੇ ਖਰਚੇ ਦੀ ਭੇਜੀ ਡਿਟੇਲ ਵਿਚ 3 ਹਜ਼ਾਰ ਰੁਪਏ ਤਹਿਸੀਲਦਾਰ ਦੇ ਨਾਮ ਤੇ ਰਿਸ਼ਵਤ ਅਤੇ 200 ਰੁਪਏ ਤਹਿਸੀਲਦਾਰ ਦੇ ਚਪੜਾਸੀ ਦੇ ਨਾਮ ਰਿਸ਼ਵਤ ਸੂਚੀ ਵਿਚ ਦਰਜ ਕੀਤੀ ਗਈ। ਉਨ੍ਹਾਂ ਸ਼ਿਕਾਇਤ ਵਿਚ ਦੱਸਿਆ ਕਿ ਜਿਨ੍ਹਾਂ ਸਮਾਂ ਨਾਇਬ ਤਹਿਸੀਲਦਾਰ ਨੂੰ ਵਸੀਕਾ ਤਸਦੀਕ ਕਰਾਉਣ ਲਈ ਰਿਸ਼ਵਤ ਨਹੀਂ ਦਿੱਤੀ ਉਦੋਂ ਤਕ ਉਸ ਨੇ ਵਸੀਕੇ ਤਸਦੀਕ ਨਹੀਂ ਕੀਤੇ। ਉਨ੍ਹਾਂ ਮੁੱਖ ਮੰਤਰੀ ਨੂੰ ਭੇਜੀ ਸ਼ਿਕਾਇਤ ਦੇ ਨਾਲ ਨਾਲ ਹਲਫੀਆ ਬਿਆਨ ਅਤੇ ਵਸੀਕਾ ਲਿਖਣ ਵਾਲੇ ਵੱਲੋਂ ਖਰਚੇ ਦੀ ਭੇਜੀ ਗਈ ਹੱਥ ਲਿਖ ਡਿਟੇਲ ਵ੍ਹੱਟਸਐਪ ਨੰਬਰ ’ਤੇ ਭੇਜੀ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਹੈ ਕਿ ਉਕਤ ਨਾਇਬ ਤਹਿਸੀਲਦਾਰ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ ਅਤੇ ਉਸ ਦੀ ਸਾਰੀ ਬੇਨਾਮੀ ਤੇ ਨਾਮੀ ਪ੍ਰਾਪਰਟੀ ਦੀ ਪੜਤਾਲ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮਾਮਲੇ ਸਬੰਧੀ ਨਾਇਬ ਤਹਿਸੀਲਦਾਰ ਜਗਤਾਰ ਸਿੰਘ ਦਾ ਕਹਿਣਾ ਸੀ ਕਿ ਕੁਸ਼ਲਾ ਵੱਲੋਂ ਰਿਸ਼ਵਤ ਲੈਣ ਦੇ ਲਾਏ ਦੋਸ਼ ਝੂਠੇ ਹਨ।