ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਇਕ ਵਾਰ ਫਿਰ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਵਿਚ ਡੇਰਿਆਂ ਦਾ ਆਧਾਰ ਖ਼ਤਮ ਹੋ ਗਿਆ ਹੈ। ਪੰਜਾਬ ਵਿਚ ਡੇਰਿਆਂ ਤੋਂ ਹਮਾਇਤ ਹਾਸਲ ਕਰਨ ਵਾਲੇ ਤਕਰੀਬਨ ਸਾਰੇ ਹੀ ਉਮੀਦਵਾਰ ਹਾਰ ਗਏ ਹਨ। ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਵਿਚ ਡੇਰਾ ਸਿਰਸਾ ਦਾ ਵਕਾਰ ਦਾਅ ’ਤੇ ਲੱਗਾ ਹੋਇਆ ਸੀ। ਇਸ ਹਲਕੇ ਤੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦਾ ਕੁੜਮ ਹਰਮਿੰਦਰ ਸਿੰਘ ਜੱਸੀ ਆਜ਼ਾਦ ਚੋਣ ਲੜ ਰਹੇ ਸਨ। ਜੱਸੀ ਦੀ ਚੋਣ ਮੁਹਿੰਮ ਵੀ ਡੇਰਾ ਪੇ੍ਰਮੀ ਚਲਾ ਰਹੇ ਸਨ ਪਰ ਉਹ ਬੁਰੀ ਤਰ੍ਹਾਂ ਹਾਰ ਗਏ ਹਨ। ਪੰਜਾਬ ਵਿਚ ਡੇਰਿਆਂ ਦਾ ਵੱਡਾ ਵੋਟ ਬੈਂਕ ਮੰਨਿਆ ਜਾਂਦਾ ਹੈ ਅਤੇ ਸਿਆਸੀ ਲੋਕ ਉਮੀਦ ਕਰ ਰਹੇ ਸਨ ਕਿ ਡੇਰਾ ਫੈਕਟਰ ਇਸ ਵਾਰ ਰਾਜਨੀਤੀ ਦਾ ਰੁਖ ਬਦਲ ਸਕਦਾ ਹੈ ਪਰ ਇਸ ਵਾਰ ਡੇਰਾ ਫੈਕਟਰ ਦਾ ਜਾਦੂ ਨਹੀਂ ਚੱਲ ਸਕਿਆ। ਡੇਰਾ ਸੱਚਾ ਸੌਦਾ ਦੇ ਪੈਰੋਕਾਰਾਂ ਨੇ ਭਾਜਪਾ ਅਤੇ ਅਕਾਲੀ ਦਲ ਦਾ ਖੁੱਲ੍ਹ ਕੇ ਸਮਰਥਨ ਕੀਤਾ ਪਰ ਭਾਜਪਾ ਅਤੇ ਅਕਾਲੀ ਦਲ ਬੁਰੀ ਤਰ੍ਹਾਂ ਹਾਰ ਗਿਆ। ਡੇਰਾ ਸੱਚਾ ਸੌਦਾ ਸਿਰਸਾ ਨੇ ਪੰਜਾਬ ਦੀਆਂ ਜ਼ਿਆਦਾਤਰ ਸੀਟਾਂ ’ਤੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰਾਂ ਦਾ ਸਮੱਰਥਨ ਕੀਤਾ ਸੀ ਪਰ ਉਹ ਸਾਰੇ ਬੁਰੀ ਤਰ੍ਹਾਂ ਹਾਰ ਗਏ ਹਨ। ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਡੇਰਾ ਮੁਖੀ ਦੇ ਕੁੜਮ ਹਰਮਿੰਦਰ ਸਿੰਘ ਜੱਸੀ ਨੂੰ ਸਿਰਫ਼ 11 ਹਜ਼ਾਰ ਵੋਟਾਂ ਮਿਲੀਆਂ। ਉਹ ਤਲਵੰਡੀ ਸਾਬੋ ਵਿੱਚ ਚੌਥੇ ਸਥਾਨ ’ਤੇ ਰਿਹਾ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਹਲਕਾ ਤਲਵੰਡੀ ਸਾਬੋ ਵਿਚ ਡੇਰਾ ਪੇ੍ਰਮੀਆਂ ਦੀ 20 ਤੋਂ 25 ਹਜ਼ਾਰ ਪੱਕੀ ਵੋਟ ਹੈ। ਇਸ ਤਰ੍ਹਾਂ ਜ਼ਿਲ੍ਹੇ ਦੇ ਛੇ ਹਲਕਿਆਂ ਵਿਚ ਵੀ 10 ਤੋਂ 20 ਹਜ਼ਾਰ ਪੱਕੀ ਵੋਟ ਦਾ ਰੌਲਾ ਪਾਇਆ ਜਾ ਰਿਹਾ ਸੀ ਜਿਸ ਕਾਰਨ ਸਿਆਸੀ ਮਾਹਰਾਂ ਨੂੰ ਕੁਝ ਸਮਝ ਨਹੀਂ ਲੱਗ ਰਹੀ ਸੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਆਸ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ ਸੀ। ਮੰਨਿਆ ਜਾ ਰਿਹਾ ਸੀ ਕਿ ਅੰਦਰੋਂ ਕਿਤੇ ਨਾ ਕਿਤੇ ਉਹ ਭਾਜਪਾ ਉਮੀਦਵਾਰਾਂ ਦੀ ਹਮਾਇਤ ਕਰਨਗੇ ਪਰ ਬੀਜੇਪੀ ਵੀ ਪੰਜਾਬ ਵਿਚ ਜ਼ੋਰ ਨਹੀਂ ਦਿਖਾ ਸਕੀ। ਡੇਰੇ ਦੀ ਹਮਾਇਤ ਦਾ ਪੰਜਾਬ ਦੇ ਨਤੀਜਿਆਂ ’ਤੇ ਕੋਈ ਅਸਰ ਨਹੀਂ ਦਿਖਾਈ ਦਿੱਤਾ। ਇੱਥੋਂ ਤਕ ਕਿ ਡੇਰਾ ਸਿਰਸਾ ਦੇ ਮਖੀ ਦੇ ਕੁੜਮ ਤਲਵੰਡੀ ਸਾਬੋ ਦੇ ਆਜ਼ਾਦ ਉਮੀਦਵਾਰ ਹਰਮੰਦਰ ਸਿੰਘ ਜੱਸੀ ਆਪਣੀ ਜ਼ਮਾਨਤ ਵੀ ਨਹੀਂ ਬਚਾਅ ਸਕੇ।