ਸ਼੍ਰੀਲੰਕਾ ਖ਼ਿਲਾਫ਼ ਮੋਹਾਲੀ ਟੈਸਟ ਭਾਵੇਂ ਹੀ ਵਿਰਾਟ ਕੋਹਲੀ ਦੇ ਕਰੀਅਰ ਦਾ 100ਵਾਂ ਟੈਸਟ ਸੀ ਪਰ ਇਸ ਮੈਚ ਦੀ ਖ਼ਾਸ ਗੱਲ ਹਰਫ਼ਨਮੌਲਾ ਰਵਿੰਦਰ ਜਡੇਜਾ ਦਾ ਪ੍ਰਦਰਸ਼ਨ ਸੀ। ਜਡੇਜਾ ਨੇ ਇਸ ਮੈਚ ‘ਚ ਨਾ ਸਿਰਫ਼ 175 ਦੌੜਾਂ ਦੀ ਇਤਿਹਾਸਕ ਪਾਰੀ ਖੇਡੀ ਸਗੋਂ 9 ਵਿਕਟਾਂ ਵੀ ਲਈਆਂ। ਉਸ ਨੂੰ ਮੈਨ ਆਫ ਦਾ ਮੈਚ ਵੀ ਚੁਣਿਆ ਗਿਆ। ਜਡੇਜਾ ਦੇ ਇਸ ਪ੍ਰਦਰਸ਼ਨ ਕਾਰਨ ਸ਼੍ਰੀਲੰਕਾ ਨੂੰ ਪਾਰੀ ਅਤੇ 222 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਹੁਣ ਜਡੇਜਾ ਨੂੰ ਉਸ ਦੇ ਪ੍ਰਦਰਸ਼ਨ ਦਾ ਇਨਾਮ ਮਿਲ ਗਿਆ ਹੈ। ਦਰਅਸਲ, ਰਵਿੰਦਰ ਜਡੇਜਾ ਨੇ ਨਵੀਂ ਆਈਸੀਸੀ ਪੁਰਸ਼ਾਂ ਦੀ ਟੈਸਟ ਰੈਂਕਿੰਗ ਵਿੱਚ ਆਲਰਾਊਂਡਰ ਦੇ ਰੂਪ ਵਿੱਚ ਨੰਬਰ ਇੱਕ ਸਥਾਨ ਹਾਸਲ ਕਰ ਲਿਆ ਹੈ। ਉਹ ਹੁਣ 406 ਅੰਕਾਂ ਨਾਲ ਪਹਿਲੇ ਨੰਬਰ ‘ਤੇ ਹੈ। ਉਸ ਨੇ ਇਹ ਮੁਕਾਮ ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਜੇਸਨ ਹੋਲਡਰ ਤੋਂ ਹਾਸਲ ਕੀਤਾ ਹੈ ਜੋ ਫਰਵਰੀ 2021 ਤੋਂ ਇਸ ਅਹੁਦੇ ‘ਤੇ ਸਨ। ਹੁਣ ਹੋਲਡਰ 382 ਅੰਕਾਂ ਨਾਲ ਦੂਜੇ ਨੰਬਰ ‘ਤੇ ਖਿਸਕ ਗਿਆ ਹੈ।
ਜਡੇਜਾ ਨੇ ਮੋਹਾਲੀ ਟੈਸਟ ‘ਚ ਕਪਿਲ ਦੇਵ ਦਾ ਰਿਕਾਰਡ ਤੋੜਿਆ ਅਤੇ 7ਵੇਂ ਨੰਬਰ ‘ਤੇ ਬੱਲੇਬਾਜ਼ੀ ਕਰਦੇ ਹੋਏ ਵਿਅਕਤੀਗਤ ਤੌਰ ‘ਤੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ। ਉਸ ਨੇ ਕਪਿਲ ਦੇਵ ਵੱਲੋਂ ਖੇਡੀ ਗਈ 163 ਦੌੜਾਂ ਦੀ ਪਾਰੀ ਨੂੰ ਪਿੱਛੇ ਛੱਡ ਦਿੱਤਾ ਸੀ। ਜਡੇਜਾ ਆਖ਼ਰੀ ਵਾਰ ਅਗਸਤ 2017 ‘ਚ ਨੰਬਰ ਵਨ ਬਣੇ ਸਨ। ਉਹ ਇੱਕ ਹਫ਼ਤੇ ਤੋਂ ਇਸ ਨੰਬਰ ‘ਤੇ ਸੀ।
ਰਵੀਚੰਦਰਨ ਅਸ਼ਵਿਨ ਟਾਪ ਟੇਨ ‘ਚ ਭਾਰਤ ਲਈ ਤੀਜੇ ਨੰਬਰ ‘ਤੇ ਹਨ। ਅਸ਼ਵਿਨ ਦੇ 347 ਅੰਕ ਹਨ। ਉਸ ਨੇ ਸ਼੍ਰੀਲੰਕਾ ਖ਼ਿਲਾਫ਼ ਮੈਚ ‘ਚ ਬੱਲੇ ਤੇ ਗੇਂਦ ਨਾਲ ਵੀ ਚੰਗਾ ਪ੍ਰਦਰਸ਼ਨ ਕੀਤਾ ਸੀ। ਅਸ਼ਵਿਨ ਨੇ 61 ਦੌੜਾਂ ਦੀ ਪਾਰੀ ਖੇਡੀ ਤੇ 6 ਵਿਕਟਾਂ ਵੀ ਲਈਆਂ। ਉਸ ਨੇ ਇਸ ਮੈਚ ‘ਚ ਸ਼੍ਰੀਲੰਕਾ ਦੇ ਬੱਲੇਬਾਜ਼ ਅਸਲੰਕਾ ਦੀ ਵਿਕਟ ਲੈ ਕੇ ਕਪਿਲ ਦੇਵ ਦੇ 434 ਵਿਕਟਾਂ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਸੀ।