ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਕ ਨੇ ਆਪਣੇ ਕੋਚ ਮਰੀਅਨ ਵਾਜਦਾ ਨਾਲੋਂ ਨਾਤਾ ਤੋੜ ਲਿਆ ਹੈ ਜਿਨ੍ਹਾਂ ਨਾਲ ਉਨ੍ਹਾਂ 15 ਸਾਲ ਬਿਤਾਏ ਅਤੇ ਇਸ ਵਿਚਾਲੇ 20 ਗ੍ਰੈਂਡਸਲੈਮ ਖ਼ਿਤਾਬ ਜਿੱਤੇ। ਜੋਕੋਵਿਕ ਦੀ ਵੈੱਬਸਾਈਟ ’ਤੇ ਜਾਰੀ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਉਹ ਦੋਵੇਂ ਪਿਛਲੇ ਸਾਲ ਸੈਸ਼ਨ ਦੇ ਆਖ਼ਰੀ ਏਟੀਪੀ ਫਾਈਨਲਜ਼ ਤੋਂ ਬਾਅਦ ਇਕ-ਦੂਜੇ ਤੋਂ ਵੱਖ ਹੋਣ ’ਤੇ ਸਹਿਮਤ ਹੋ ਗਏ ਸਨ। ਜੋਕੋਵਿਕ ਨੇ ਕਿਹਾ, ‘ਮਰੀਅਨ ਮੇਰੇ ਕਰੀਅਰ ਦੇ ਸਭ ਤੋਂ ਮਹੱਤਵਪੂਰਨ ਅਤੇ ਯਾਦਗਾਰ ਪਲਾਂ ’ਚ ਮੇਰੇ ਨਾਲ ਰਹੇ। ਅਸੀਂ ਨਾਲ ਮਿਲ ਕੇ ਕਾਫ਼ੀ ਉਪਲਬਧੀਆਂ ਹਾਸਲ ਕੀਤੀਆਂ। ਮੈਂ ਪਿਛਲੇ 15 ਸਾਲਾਂ ’ਚ ਉਨ੍ਹਾਂ ਦੀ ਦੋਸਤੀ ਅਤੇ ਸਮਰਪਣ ਲਈ ਉਨ੍ਹਾਂ ਦਾ ਧੰਨਵਾਦੀ ਹਾਂ। ਭਲੇ ਹੀ ਸਾਡਾ ਪੇਸ਼ੇਵਰ ਰਿਸ਼ਤਾ ਖ਼ਤਮ ਹੋ ਰਿਹਾ ਹੈ ਪਰ ਉਹ ਹਮੇਸ਼ਾ ਮੇਰੇ ਪਰਿਵਾਰ ਦਾ ਹਿੱਸਾ ਰਹਿਣਗੇ।’
ਮਰੀਅਨ ਦੇ ਕੋਚ ਰਹਿੰਦੇ ਹੋਏ ਜੋਕੋਵਿਕ ਨੇ ਵੱਖ-ਵੱਖ ਸਮੇਂ ’ਤੇ ਹੋਰਨਾਂ ਕੋਚਾਂ ਦੀ ਵੀ ਮਦਦ ਲਈ ਜਿਨ੍ਹਾਂ ’ਚ ਬੋਰਿਸ ਬੇਕਰ, ਆਂਦ੍ਰੇ ਅਗਾਸੀ, ਰਾਦੇਕ ਸਟੇਪਨੇਕ ਅਤੇ ਗੋਰਾਨ ਇਵਾਨਿਸੇਵਿਕ ਸ਼ਾਮਲ ਹਨ। ਇਵਾਨਿਸੇਵਿਕ 2019 ਤੋਂ ਜੋਕੋਵਿਕ ਦੀ ਟੀਮ ਦਾ ਹਿੱਸਾ ਹਨ ਅਤੇ ਅੱਗੇ ਵੀ ਇਸ ਸਰਬੀਆਈ ਖਿਡਾਰੀ ਨਾਲ ਬਣੇ ਰਹਿਣਗੇ।
ਯੂਕਰੇਨ ਦੀ ਸਵਿਤੋਲੀਨਾ ਨੇ ਰੂਸੀ ਖਿਡਾਰਨ ਨੂੰ ਹਰਾਇਆ
ਮੈਕਸੀਕੋ ਸਿਟੀ (ਏਪੀ) : ਯੂਕਰੇਨ ਦੀ ਏਲਿਨਾ ਸਵਿਤੋਲੀਨਾ ਨੇ ਮੈਚ ਦਾ ਬਾਈਕਾਟ ਕਰਨ ਦੀ ਬਜਾਏ ਕੋਰਟ ’ਤੇ ਉਤਰ ਕੇ ਮੋਂਟੇਰੀ ਓਪਨ ਟੈਨਿਸ ਟੂਰਨਾਮੈਂਟ ਦੇ ਪਹਿਲੇ ਦੌਰ ’ਚ ਰੂਸ ਦੀ ਅਨਾਸਤਾਸੀਆ ਪੋਟਾਪੋਵਾ ਨੂੰ 6-2, 6-1 ਨਾਲ ਹਰਾਇਆ। ਸਿਖਰਲੀ ਰੈਂਕਿੰਗ ਪ੍ਰਾਪਤ ਸਵਿਤੋਲੀਨਾ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਜਦੋਂ ਤਕ ਪੁਰਸ਼ ਅਤੇ ਮਹਿਲਾਵਾਂ ਦੇ ਕੌਮਾਂਤਰੀ ਟੈਨਿਸ ਮਹਾਸੰਘ ਰੂਸ ਤੇ ਬੇਲਾਰੂਸ ਦੇ ਖਿਡਾਰੀਆਂ ਨੂੰ ਕੌਮਾਂਤਰੀ ਮੁਕਾਬਲਿਆਂ ’ਚ ਆਪਣੇ ਦੇਸ਼ ਦਾ ਨਾਂ, ਝੰਡਾ ਤੇ ਰਾਸ਼ਟਰਗਾਨ ਦਾ ਇਸਤੇਮਾਲ ਕਰਨ ਤੋਂ ਨਹੀਂ ਰੋਕਦੇ, ਉਹ ਇਨ੍ਹਾਂ ਦੇਸ਼ਾਂ ਦੇ ਖਿਡਾਰੀਆਂ ਖ਼ਿਲਾਫ਼ ਨਹੀਂ ਖੇਡੇਗੀ।