ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਬੇਤਹਾਸ਼ਾ ਵਿਦੇਸ਼ੀ ਕਰਜ਼ਾ ਲੈਣ ਤੇ ਮਹਿੰਗਾਈ ਦੇ ਸਿਖ਼ਰ ’ਤੇ ਪੁੱਜਣ ਵਿਚਾਲੇ ਪਾਕਿਸਤਾਨ ’ਤੇ ‘ਪੈਟਰੋਲ ਬੰਬ’ ਡਿੱਗ ਗਿਆ ਹੈ। ਪਾਕਿਸਤਾਨ ’ਚ ਪੈਟਰੋਲ ਦੀ ਕੀਮਤ ਪ੍ਰਤੀ ਲੀਟਰ 12.03 ਰੁਪਏ ਵੱਧਣ ’ਤੇ ਵਿਰੋਧੀ ਪਾਰਟੀਆਂ ਨੇ ਇਮਰਾਨ ਸਰਕਾਰ ਦਾ ਵੱਧਦੀ ਮਹਿੰਗਾਈ ਤੇ ਭਾਰੀ ਵਿਦੇਸ਼ੀ ਕਰਜ਼ਾ ਲੈਣ ਦਾ ਸਖ਼ਤ ਵਿਰੋਧ ਕੀਤਾ ਹੈ।
ਜਿਓ ਟੀਵੀ ਮੁਤਾਬਕ ਪਾਕਿਸਤਾਨ ਸਰਕਾਰ ਨੇ ਪੈਟਰੋਲੀਅਮ ਪਦਾਰਥਾਂ ਦੀ ਕੀਮਤ 12.03 ਰੁਪਏ ਪ੍ਰਤੀ ਲੀਟਰ ਵਧਾਈ ਗਈ ਹੈ। ਇਸ ਨਾਲ ਪੈਟਰੋਲ ਦੀ ਕੀਮਤ 147.82 ਰੁਪਏ ਪ੍ਰਤੀ ਲੀਟਰ ਤੋਂ 159.86 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਜਦੋਂਕਿ ਪਾਕਿਸਤਾਨ ਮੁਸਲਿਮ ਲੀਗ (ਪੀਐੱਮਐੱਲ-ਐੱਨ) ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ ਤੇ ਕੋਈ ਵਿਰੋਧੀ ਦਲਾਂ ਨੇ ਇਮਰਾਨ ਸਰਕਾਰ ਦੀ ਜ਼ੋਰਦਾਰ ਆਲੋਚਨਾ ਕੀਤੀ ਹੈ।
ਪੀਐੱਮਐੱਲ-ਐੱਨ ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਦੇਸ਼ ਦੇ ਖੂਹ ’ਚ ਜਾਂਦੇ ਅਰਥਚਾਰੇ ਦੀ ਚਿੰਤਾ ਕਰਨੀ ਚਾਹੀਦੀ ਹੈ। ਦੇਸ਼ ’ਚ ਮਹਿੰਗਾਈ ਵੀ ਬੇਤਹਾਸ਼ਾ ਵੱਧ ਗਈ ਹੈ। ਖੰਡ ਤੇ ਕਣਕ ਘੁਟਾਲੇ ’ਤੇ ਵੀ ਇਮਰਾਨ ਸਰਕਾਰ ਦੀ ਨਿੰਦਾ ਕੀਤੀ ਗਈ ਹੈ। ਪੀਐੱਮਐੱਲ-ਐੱਨ ਤੋਂ ਇਲਾਵਾ, ਸਿੰਧ ਸਰਕਾਰ ਦੇ ਬੁਲਾਰੇ ਮੁਰਤਜਾ ਵਹਾਬ ਨੇ ਇਕ ਵੀਡੀਓ ਸੰਦੇਸ਼ ’ਚ ਕਿਹਾ ਕਿ ਅਸਮਾਨ ’ਤੇ ਪੁੱਜੀ ਮਹਿੰਗਾਈ ਵਿਚਾਲੇ ਪੈਟਰੋਲ ਦੀ ਕੀਮਤ ਵਧਾ ਕੇ ਇਮਰਾਨ ਸਰਕਾਰ ਨੇ ਪਾਕਿਸਤਾਨ ਦੀ ਜਨਤਾ ’ਤੇ ਪੈਟਰੋਲ ਬੰਬ ਸੁੱਟਿਆ ਹੈ। ਇਸੇ ਤਰ੍ਹਾਂ ਜਮਾਤ-ਏ-ਇਸਲਾਮੀ ਦੇ ਮੁਖੀ ਸਿਰਾਜ-ਉਲ-ਹੱਕ ਨੇ ਕਿਹਾ ਕਿ ਪੈਟਰੋਲੀਅਮ ਉਤਪਾਦਾਂ ਦੀ ਕੀਮਤ ਵਧਾਉਣਾ ਸਰਾਸਰ ਗ਼ਲਤ ਹੈ।