ਨਵਜੋਤ ਸਿੰਘ ਸਿੱਧੂ ਨੇ 6 ਫਰਵਰੀ ਨੂੰ ਰਾਹੁਲ ਗਾਂਧੀ ਦੀ ਲੁਧਿਆਣਾ ਰੈਲੀ ਤੋਂ ਪਹਿਲਾਂ ਹਾਈਕਮਾਂਡ ਨੂੰ ਇੱਕ ਵਾਰ ਫਿਰ ਅਸਿੱਧੇ ਤੌਰ ‘ਤੇ ਚਿਤਾਵਨੀ ਦਿੱਤੀ ਹੈ ਜੋ ਕਿ ਪੰਜਾਬ ‘ਚ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਦੇ ਸੰਭਾਵੀ ਐਲਾਨ ਨੂੰ ਲੈ ਕੇ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਮੁੱਖ ਮੰਤਰੀ ਥੋਪਿਆ ਜਾਂਦਾ ਹੈ ਤਾਂ ਲੋਕ ਉਪਲਬਧ ਵਿਕਲਪ (ਆਪ) ਨੂੰ ਅਪਣਾ ਲੈਣਗੇ। ਸਿੱਧੂ ਨੇ ਕਿਸੇ ਦਾ ਨਾਂ ਲਏ ਬਿਨਾਂ ਕਿਹਾ ਕਿ ਪੰਜਾਬ ‘ਚ 25 ਸਾਲਾਂ ਤੋਂ ਅਜਿਹੇ ਮੁੱਖ ਮੰਤਰੀ ਹਨ, ਜੋ ਦੂਜਿਆਂ ਦੇ ਕਹਿਣ ‘ਤੇ ਕੰਮ ਕਰਦੇ ਰਹੇ ਹਨ। ਅਜਿਹੇ ਲੋਕ ਕਿਵੇਂ ਚਾਹੁਣਗੇ ਕਿ ਪੰਜਾਬ ‘ਚ ਸਿਸਟਮ ਬਣੇ ਅਤੇ 170 ਸੇਵਾਵਾਂ ਘਰ ਬੈਠੇ ਲੋਕਾਂ ਨੂੰ ਮਿਲ ਸਕਣ। ਇਨ੍ਹਾਂ ਲੋਕਾਂ ਦਾ ਮਾਫੀਆ ਨਾਲ ਗਠਜੋੜ ਹੈ। ਪੰਜਾਬ ਵਿੱਚ ਪਿਛਲੇ 25 ਸਾਲਾਂ ਵਿੱਚ ਦਸ ਸਾਲ ਕਾਂਗਰਸ ਦਾ ਰਾਜ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਤਕਰਾਰ ਚੱਲ ਰਹੀ ਹੈ। ਹਾਲ ਹੀ ‘ਚ ਜਲੰਧਰ ਰੈਲੀ ‘ਚ ਰਾਹੁਲ ਗਾਂਧੀ ਨੇ ਇਸ ਦੇ ਲਈ ਸਰਵੇ ਕਰਨ ਦਾ ਐਲਾਨ ਕੀਤਾ ਸੀ। ਹੁਣ ਉਹ 6 ਫਰਵਰੀ ਦੀ ਲੁਧਿਆਣਾ ਰੈਲੀ ਵਿੱਚ ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰ ਸਕਦੇ ਹਨ।