ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਜੇ ਉਹ 2024 ਦੇ ਰਾਸ਼ਟਰਪਤੀ ਚੋਣਾਂ ਲਡ਼ਨ ਦਾ ਫ਼ੈਸਲਾ ਕਰਦੇ ਹਨ ਤੇ ਜਿੱਤਦੇ ਹਨ ਤਾਂ ਉਹ 6 ਜਨਵਰੀ ,2021 ਨੂੰ ਯੂਐੱਸ ਕੈਪੀਟਲ ‘ਤੇ ਹੋਏ ਘਾਤਕ ਹਮਲੇ ਦੇ ਦੋਸ਼ੀਆਂ ਨੂੰ ਮਾਫ਼ ਕਰ ਦੇਣਗੇ। ਟਰੰਪ ਨੇ ਟੇਕਸਾਸ ‘ਚ ਇਕ ਰੈਲੀ ‘ਚ ਕਿਹਾ ਕਿ ਜੇ ਉਹ ਇਹ ਚੋਣਾਂ ਲਡ਼ਨ ਦਾ ਫ਼ੈਸਲਾ ਕਰਦੇ ਹਨ ਤੇ ਜਿੱਤਦੇ ਹਨ, ਤਾਂ ਉਹ ਉਨ੍ਹਾਂ ਲੋਕਾਂ ਨੂੰ ਮਾਫ਼ ਕਰ ਦੇਣਗੇ।
ਟ੍ਰੰਪ ਨੇ ਚੋਣਾਂ ਲਡ਼ਨ ‘ਤੇ ਨਹੀਂ ਖੋਲ੍ਹੇ ਪੂਰੇ ਪੱਤੇ
ਹਾਲਾਂਕਿ, ਸਾਬਕਾ ਰਾਸ਼ਟਰਪਤੀ ਨੇ ਰੈਲੀ ‘ਚ ਇਸ ਬਾਰੇ ‘ਚ ਵਿਸਥਾਰ ਨਾਲ ਨਹੀਂ ਦੱਸਿਆ ਹੈ। ਕਿ ਉਹ ਰਾਸ਼ਟਰਪਤੀ ਬਣਨ ਦੀ ਦੌਡ਼ ‘ਚ ਸ਼ਾਮਲ ਹੋ ਰਹੇ ਹਨ ਜਾਂ ਨਹੀਂ। ਪਰ ਉਨ੍ਹਾਂ ਨੇ ਇਹ ਸੰਕੇਤ ਦਿੱਤਾ ਹੈ ਕਿ ਉਹ ਚੋਣਾਂ ਲਡ਼ ਸਕਦੇ ਹਨ। ਅੱਗੇ ਉਹ ਕਹਿੰਦੇ ਹਨ ਕਿ ਦੋਸ਼ੀਆਂ ਨਾਲ ਬਹੁਤ ਬੁਰਾ ਵਿਵਹਾਰ ਹੋਇਆ ਹੈ ਤੇ ਉਹ ਆਉਂਦੇ ਹੀ ਇਸ ‘ਤੇ ਫ਼ੈਸਲਾ ਲੈਣਗੇ।
ਇਹ ਸੀ ਕੈਪੀਟਲ ਹਿਲ ਦਾ ਮਾਮਲਾ
ਦੱਸ ਦੇਈਏ ਕਿ ਪਿਛਲੇ ਸਾਲ 2021 ‘ਚ 6 ਜਨਵਰੀ ਨੂੰ ਡੋਨਾਲਡ ਟਰੰਪ ਦੀ ਹਾਰ ਦੇ ਬਾਅਦ ਉਸ ਦੇ ਹਿਮਾਇਤੀ ਲੋਕਾਂ ਦੀ ਭੀਡ਼ ਨੇ ਯੂਐਸ ਕੈਪੀਟਲ ਹਿਲ ‘ਤੇ ਹਮਲਾ ਕਰ ਦਿੱਤਾ ਸੀ। ਇਹ ਹਮਲਾ 1812 ਦੇ ਯੁੱਧ ਤੋਂ ਬਾਅਦ ਅਮਰੀਕੀ ਸੰਸਦ ‘ਤੇ ਸਭ ਤੋਂ ਵੱਡਾ ਹਮਲਾ ਸੀ। ਭੀਡ਼ ਨੇ ਉੱਥੇ ਮੌਜੂਦ ਪੁਲਿਸ ‘ਤੇ ਹਮਲਾ ਕੀਤਾ ਸੀ। ਟਰੰਪ ਦੇ ਹਿਮਾਇਤੀ ਬਾਈਡਨ ਦੀ ਜਿੱਤ ਦੇ ਖਿਲਾਫ਼ ਸੀ। ਇਸ ਦੇ ਕਰੀਬ ਦੋ ਹਫ਼ਤੇ ਬਾਅਦ ਬਾਈਡਨ ਨੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਦੀ ਕੁਰਸੀ ਸੰਭਾਲੀ ਸੀ।ਬਾਈਡਨ ਨੇ ਇਸ ਹਿੰਸਕ ਹਮਲੇ ਦੀ ਕਡ਼ੀ ਨਿੰਦਾ ਕੀਤੀ ਸੀ। ਧਿਆਨਯੋਗ ਹੈ ਕਿ ਅਮਰੀਕੀ ਅਧਿਕਾਰੀਆਂ ਨੇ ਦੰਗਿਆਂ ਨਾਲ ਸੰਬੰਧਤ ਅਪਰਾਧਾਂ ਲਈ ਲਗਪਗ 50 ਸੂਬਿਆਂ ਦੇ 725 ਤੋਂ ਵਧ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ।