ਕਲਾ ਦੇ ਖੇਤਰ ‘ਚ ਗਾਇਕੀ ਰਾਹੀਂ ਪੰਜਾਬੀ ਮਾਂ-ਬੋਲੀ ਨੂੰ ਸਮਰਪਿਤ ਰਹਿਣ ਵਾਲੇ ਗੁਰਮੀਤ ਬਾਵਾ ਨੂੰ ਮਰਨ ਉਪਰੰਤ ਦੇਸ਼ ਦੇ ਦੂਜੇ ਸਰਵਉੱਚ ਨਾਗਰਿਕ ਪੁਰਸਕਾਰ ਪਦਮ ਭੂਸ਼ਣ ਨਾਲ ਨਿਵਾਜਿਆ ਗਿਆ ਹੈ। ਉਨ੍ਹਾਂ ਦੇ ਪਰਿਵਾਰ ‘ਚ ਹੀ ਨਹੀਂ ਸਗੋਂ ਇਹ ਐਵਾਰਡ ਮਿਲਣ ਨਾਲ ਉਨ੍ਹਾਂ ਦੇ ਚਾਹਵਾਨਾਂ ‘ਚ ਵੀ ਖੁਸ਼ੀ ਦਾ ਮਾਹੌਲ ਹੈ। ਉਨ੍ਹਾਂ ਦੀ ਬੇਟੀ ਗਲੋਰੀ ਬਾਵਾ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਦੀ ਮਾਂ ਨੂੰ ਦਿੱਤੇ ਜਾ ਰਹੇ ਸਨਮਾਨ ਤੋਂ ਉਹ ਖੁਸ਼ ਹੈ ਪਰ ਜੇਕਰ ਉਨ੍ਹਾਂ ਦੀ ਮਾਂ ਖ਼ੁਦ ਇਹ ਸਨਮਾਨ ਪ੍ਰਾਪਤ ਕਰਦੇ ਤਾਂ ਖੁਸ਼ੀ ਦੁੱਗਣੀ ਹੋ ਜਾਂਦੀ। ਪਿਛਲੇ ਸਾਲ 21 ਨਵੰਬਰ ਨੂੰ ਉਸ ਦੀ ਮੌਤ ਹੋ ਗਈ ਸੀ।
ਗਲੋਰੀ ਬਾਵਾ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਮਾਤਾ ਗੁਰਮੀਤ ਬਾਵਾ ਅੱਜ ਇਸ ਦੁਨੀਆਂ ‘ਚ ਹੁੰਦੇ ਤਾਂ ਪਰਿਵਾਰ ਦੇ ਨਾਲ-ਨਾਲ ਕਲਾ ਖੇਤਰ ਨਾਲ ਜੁੜੇ ਲੋਕਾਂ ਦੀਆਂ ਖੁਸ਼ੀਆਂ ‘ਚ ਵੀ ਕਈ ਗੁਣਾ ਵਾਧਾ ਹੁੰਦਾ। ਉਨ੍ਹਾਂ ਇਸ ਸਨਮਾਨ ਲਈ ਕੇਂਦਰ ਸਰਕਾਰ ਦਾ ਵੀ ਧੰਨਵਾਦ ਕੀਤਾ। ਗੁਰਮੀਤ ਬਾਵਾ ਦੇ ਪਤੀ ਕਿਰਪਾਲ ਬਾਵਾ ਨੇ ਵੀ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ।
ਵਰਨਣਯੋਗ ਹੈ ਕਿ ਗੁਰਮੀਤ ਬਾਵਾ ਨੇ ਲੋਕ ਸਾਜ਼, ਚਿਮਟਾ, ਅਲਗੋਜ਼ੇ ਤੇ ਢੋਲਕ ਦੇ ਨਾਲ ਆਖਰੀ ਸਮੇਂ ਤਕ ਆਪਣਾ ਪ੍ਰੋਗਰਾਮ ਪੇਸ਼ ਕੀਤਾ। ਗੁਰਮੀਤ ਬਾਵਾ ਜਦੋਂ ਵੀ ਸਟੇਜ ਤੋਂ ਲੋਕ ਗੀਤ ਮਿਰਜ਼ਾ ਗਾਉਂਦਾ ਸੀ ਤਾਂ ਸਮਾਂ ਰੁਕ ਜਾਂਦਾ ਸੀ।