ਨਵੀਂ ਦਿੱਲੀ,- ਭਾਰਤ ਸਰਕਾਰ ਨੇ ਇਕ ਵੱਡਾ ਫ਼ੈਸਲਾ ਲੈਂਦਿਆਂ ਵਿਦੇਸ਼ ਤੋਂ ਆਉਣ ਵਾਲੇ ਕੋਰੋਨਾ ਪੌਜ਼ੇਟਿਵ ਮੁਸਾਫ਼ਰਾਂ ਨੂੰ ਆਈਸੋਲੇਸ਼ਨ ਦੀ ਸ਼ਰਤ ਤੋਂ ਆਜ਼ਾਦ ਕਰ ਦਿਤਾ ਹੈ। ਨਵੀਆਂ ਗਾਈਡਲਾਈਨਜ਼ ਮੁਤਾਬਕ ਅਮਰੀਕਾ-ਕੈਨੇਡਾ ਸਣੇ ਦੁਨੀਆਂ ਦੇ ਕਿਸੇ ਵੀ ਮੁਲਕ ਤੋਂ ਆਉਣ ਵਾਲੇ ਮੁਸਾਫ਼ਰਾਂ ਉਪਰ 22 ਜਨਵਰੀ ਤੋਂ ਕੁਆਰਨਟੀਨ ਦੀ ਸ਼ਰਤ ਲਾਗੂ ਨਹੀਂ ਹੋਵੇਗੀ। ਮੌਜੂਦਾ ਗਾਈਡਲਾਈਨਜ਼ ਤਹਿਤ ਦੁਨੀਆਂ ਦੇ ਕਿਸੇ ਵੀ ਮੁਲਕ ਤੋਂ ਆ ਰਹੇ ਮੁਸਾਫ਼ਰ ਨੂੰ ਸੱਤ ਦਿਨ ਆਈਸੋਲੇਸ਼ਨ ਵਿਚ ਰਹਿਣ ਲਈ ਆਖਿਆ ਜਾਂਦਾ ਹੈ ਅਤੇ ਫਿਰ ਟੈਸਟ ਕਰਵਾ ਕੇ ਨੈਗੇਟਿਵ ਰਿਪੋਰਟ ਵੈਬ ਪੋਰਟਲ ’ਤੇ ਅਪਲੋਡ ਕਰਨੀ ਹੁੰਦੀ ਹੈ ਪਰ ਨਵੀਆਂ ਗਾਈਡਲਾਈਨਜ਼ ਮੁਤਬਕ ਕੋਰੋਨਾ ਰਿਪੋਰਟ ਪੌਜ਼ੇਟਿਵ ਹੋਣ ਦੀ ਸੂਰਤ ਵਿਚ ਆਈਸੋਲੇਟ ਕੀਤੇ ਜਾਣ ਦੀ ਸ਼ਰਤ ਹਟਾ ਦਿਤੀ ਗਈ ਹੈ।
22 ਜਨਵਰੀ ਤੋਂ ਲਾਗੂ ਹੋ ਰਹੀ ਨਵੀਂ ਪ੍ਰਣਾਲੀ ਅਧੀਨ ਖੰਘ-ਜ਼ੁਕਾਮ ਵਰਗੇ ਲੱਛਣਾਂ ਵਾਲੇ ਮੁਸਾਫ਼ਰਾਂ ਨੂੰ ਤੁਰਤ ਬਾਕੀਆਂ ਤੋਂ ਵੱਖ ਕਰ ਲਿਆ ਜਾਵੇਗਾ ਅਤੇ ਕਿਸੇ ਹਸਪਤਾਲ ਵਿਚ ਲਿਜਾ ਕੇ ਟੈਸਟ ਕੀਤਾ ਜਾਵੇਗਾ। ਟੈਸਟ ਰਿਪੋਰਟ ਪੌਜ਼ੇਟਿਵ ਹੋਣ ਦੀ ਸੂਰਤ ਵਿਚ ਸਬੰਧਤ ਸ਼ਖਸ ਦੇ ਸੰਪਰਕ ਵਿਚ ਆਏ ਲੋਕਾਂ ਦੀ ਪਛਾਣ ਕੀਤੀ ਜਾਵੇਗੀ।