ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਆਖਿਆ ਕਿ ਇੱਕ ਵਾਰੀ ਫਿਰ ਤੋਂ ਨਵੀਆਂ ਪਾਬੰਦੀਆਂ ਲੱਗਣ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸਰਜਰੀਜ਼ ਨੂੰ ਮੁਲਤਵੀ ਕੀਤੇ ਜਾਣ ਦਰਮਿਆਨ ਕੋਵਿਡ-19 ਵੈਕਸੀਨੇਸ਼ਨ ਨਾ ਕਰਵਾਉਣ ਵਾਲੇ ਲੋਕਾਂ ਤੋਂ ਕੈਨੇਡੀਅਨ ਖਫਾ ਹਨ।
ਟਰੂਡੋ ਨੇ ਆਖਿਆ ਕਿ ਓਮਾਈਕ੍ਰੌਨ ਵੇਰੀਐਂਟ ਆਉਣ ਤੋਂ ਬਾਅਦ ਪਿਛਲੇ ਕੁੱਝ ਹਫਤਿਆਂ ਵਿੱਚ ਦੇਸ਼ ਭਰ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਭਾਰੀ ਵਾਧਾ ਵੇਖਣ ਨੂੰ ਮਿਲਿਆ ਹੈ। ਇਸ ਕਾਰਨ ਹੈਲਥ ਕੇਅਰ ਸੈਕਟਰਜ਼ ਤੇ ਟੈਸਟਿੰਗ ਫੈਸਿਲਿਟੀਜ਼ ਉੱਤੇ ਭਾਰ ਘਟਾਉਣ ਲਈ ਪਾਬੰਦੀਆਂ ਦਾ ਨਵਾਂ ਦੌਰ ਮੁੜ ਆ ਗਿਆ ਹੈ। ਉਨ੍ਹਾਂ ਆਖਿਆ ਕਿ ਕਈ ਮਹੀਨਿਆਂ ਤੋਂ ਸਿਆਸਤਦਾਨਾਂ ਤੋਂ ਲੈ ਕੇ ਪਬਲਿਕ ਹੈਲਥ ਅਧਿਕਾਰੀਆਂ ਤੱਕ ਕੈਨੇਡੀਅਨਜ਼ ਨੂੰ ਵੈਕਸੀਨੇਸ਼ਨ ਕਰਵਾਉਣ ਲਈ ਪ੍ਰੇਰਿਤ ਕਰਦੇ ਰਹੇ ਹਨ। ਇਸ ਸਬੰਧ ਵਿੱਚ ਕਈ ਤਰ੍ਹਾਂ ਦੀਆਂ ਕੈਂਪੇਨ ਚਲਾਈਆਂ ਗਈਆਂ, ਲੋਕਾਂ ਨੂੰ ਸਿੱਖਿਅਤ ਕਰਨ ਲਈ ਹਰ ਹੀਲਾ ਵਰਤਿਆ ਗਿਆ, ਲੋਕਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ, ਵੈਕਸੀਨੇਸ਼ਨ ਦਾ ਸਬੂਤ ਲਾਜ਼ਮੀ ਕੀਤਾ ਗਿਆ।
ਪਰ ਇਸ ਸੱਭ ਦੇ ਬਾਵਜੂਦ ਅਜੇ ਤੱਕ ਸਾਰੇ ਕੈਨੇਡੀਅਨਜ਼ ਵੱਲੋਂ ਟੀਕਾਕਰਣ ਨਹੀਂ ਕਰਵਾਇਆ ਗਿਆ ਹੈ।ਤਾਜ਼ਾ ਫੈਡਰਲ ਅੰਕੜਿਆਂ ਅਨੁਸਾਰ 12 ਸਾਲ ਤੋਂ ਵੱਧ ਉਮਰ ਦੇ 87 ਫੀ ਸਦੀ ਕੈਨੇਡੀਅਨਜ਼ ਪੂਰੀ ਤਰ੍ਹਾਂ ਵੈਕਸੀਨੇਟਿਡ ਹਨ। ਅਜੇ ਵੀ ਕਈ ਮਿਲੀਅਨ ਕੈਨੇਡੀਅਨਜ਼ ਨੇ ਵੈਕਸੀਨੇਸ਼ਨ ਨਾ ਕਰਵਾਉਣ ਦਾ ਫੈਸਲਾ ਕੀਤਾ ਹੈ।
previous post