ਇਸਲਾਮਾਬਾਦ – ਅਫ਼ਗਾਨਿਸਤਾਨ ’ਚ ਤਾਲਿਬਾਨ ਦਾ ਰਾਜ ਹੋਣ ਤੋਂ ਬਾਅਦ ਤੋਂ ਔਰਤਾਂ ’ਚ ਡਰ ਦਾ ਮਾਹੌਲ ਹੈ। ਖ਼ਾਸ ਤੌਰ ’ਤੇ ਕੰਮਕਾਜੀ ਔਰਤਾਂ ਨੂੰ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਿਡਾਰਨਾਂ ਨੂੰ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਧਮਕੀਆਂ ਤੋਂ ਤੰਗ ਆ ਕੇ 32 ਫੁੱਟਬਾਲ ਖਿਡਾਰਨਾਂ ਨੇ ਦੇਸ਼ ਛੱਡ ਦਿੱਤਾ ਹੈ। ਉਹ ਆਪਣੇ ਪਰਿਵਾਰਾਂ ਨਾਲ ਤੋਰਖਾਮ ਸਰਹੱਦ ਦੇ ਰਸਤੇ ਮੰਗਲਵਾਰ ਰਾਤ ਪਾਕਿਸਤਾਨ ਪੁੱਜੀਆਂ। ਪਾਕਿਸਤਾਨ ਨੇ ਮਨੁੱਖੀ ਆਧਾਰ ’ਤੇ ਵੀਜ਼ਾ ਜਾਰੀ ਕੀਤਾ ਸੀ।
ਡਾਨ ਅਖ਼ਬਾਰ ’ਚ ਬੁੱਧਵਾਰ ਨੂੰ ਛਪੀ ਖ਼ਬਰ ਮੁਤਾਬਕ ਕੌਮੀ ਜੂਨੀਅਰ ਮਹਿਲਾ ਟੀਮ ਦੀਆਂ ਇਨ੍ਹਾਂ ਖਿਡਾਰਨਾਂ ਨੇ ਪਹਿਲਾਂ ਤੋਂ ਤੈਅ ਪ੍ਰੋਗਰਾਮ ਤਹਿਤ ਕਰਤ ਜਾਣਾ ਸੀ ਜਿੱਥੇ ਅਫ਼ਗਾਨ ਸ਼ਰਨਾਰਥੀਆਂ ਨੂੰ 2022 ਫੀਫਾ ਵਿਸ਼ਵ ਕੱਪ ਦੇ ਇਕ ਸਟੇਡੀਅਮ ’ਚ ਰੱਖਿਆ ਗਿਆ ਹੈ ਪਰ ਇਹ ਅਫ਼ਗਾਨ ਖਿਡਾਰਨਾਂ ਕਾਬੁਲ ਹਵਾਈ ਅੱਡੇ ’ਤੇ ਬੀਤੀ 26 ਅਗਸਤ ਨੂੰ ਹੋਏ ਬੰਬ ਧਮਾਕੇ ਕਾਰਨ ਦੇਸ਼ ਤੋਂ ਬਾਹਰ ਨਹੀਂ ਜਾ ਸਕੀਆਂ ਸਨ। ਇਸ ਬੰਬ ਧਮਾਕੇ ’ਚ 13 ਅਮਰੀਕੀ ਫ਼ੌਜੀਆਂ ਤੇ 170 ਅਫ਼ਗਾਨ ਨਾਗਰਿਕਾਂ ਦੀ ਮੌਤ ਹੋ ਗਈ ਸੀ। ਡਾਨ ਅਖ਼ਬਾਰ ਮੁਤਾਬਕ ਫੁੱਟਬਾਲ ਖੇਡਣ ਕਾਰਨ ਇਨ੍ਹਾਂ ਅਫ਼ਗਾਨ ਔਰਤਾਂ ਨੂੰ ਤਾਲਿਬਾਨ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਬੀਤੇ ਅਗਸਤ ਮਹੀਨੇ ’ਚ ਅਫ਼ਗਾਨਿਸਤਾਨ ਦੀ ਸੱਤਾ ’ਤੇ ਤਾਲਿਬਾਨ ਦੇ ਕਾਬਿਜ ਹੋਣ ਤੋਂ ਬਾਅਦ ਤੋਂ ਇਹ ਖਿਡਾਰਨਾਂ ਇਸ ਸੰਗਠਨ ਦੇ ਲੜਾਕਿਆਂ ਤੋਂ ਜਾਨ ਬਚਾਉਣ ਲਈ ਲੁਕ ਰਹੀਆਂ ਸਨ।