ਜਲੰਧਰ : ਉਤਰਾਖੰਡ ਦੇ ਰਿਸ਼ੀਕੇਸ਼ ਵਿੱਚ ਅਨੰਤਾ ਸੰਘਾ ਸੰਗਠਨ ਚਲਾਉਣ ਵਾਲੇ ਯਾਹੂ ਬਾਬਾ ਉਰਫ ਸ਼ੌਰਿਆ ਵਰਧਨ ਪਾਂਡੇ ਦੇ ਖਿਲਾਫ ਪੋਲੈਂਡ ਦੀ ਇੱਕ ਯੋਗਾ ਟੀਚਰ ਨੇ ਅਸ਼ਲੀਲ ਹਰਕਤਾਂ ਕਰਨ ਅਤੇ ਰਾਤ ਨੂੰ ਕਮਰੇ ਵਿੱਚ ਇਕੱਲੇ ਬੁਲਾਉਣ ਦਾ ਦੋਸ਼ ਲਗਾਇਆ ਹੈ।
ਇਸ ਮਾਮਲੇ ਵਿੱਚ ਜਲੰਧਰ ਪੁਲਿਸ ਨੇ ਸੰਬੰਧਤ ਧਾਰਾਵਾਂ ਦੇ ਤਹਿਤ ਯਾਹੂ ਬਾਬਾ ਦੇ ਖਿਲਾਫ ਜ਼ੀਰੋ ਐਫਆਈਆਰ ਦਰਜ ਕੀਤੀ ਹੈ ਅਤੇ ਕੇਸ ਨੂੰ ਉਤਰਾਖੰਡ ਦੇ ਟਿਹਰੀ ਜ਼ਿਲ੍ਹੇ ਦੇ ਮੁਨੀਕਰੇਤੀ ਪੁਲਿਸ ਥਾਣੇ ਵਿੱਚ ਭੇਜ ਦਿੱਤਾ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪੋਲੈਂਡ ਵਿੱਚ ਰਹਿਣ ਵਾਲੀ ਇੱਕ ਯੋਗਾ ਅਧਿਆਪਕ ਨੇ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਡਿਪਰੈਸ਼ਨ ਦੀ ਸ਼ਿਕਾਰ ਸੀ। ਉਹ 13 ਜਨਵਰੀ ਨੂੰ ਭਾਰਤ ਆਈ ਸੀ। ਇਸ ਦੌਰਾਨ ਕੁਝ ਮਹੀਨਿਆਂ ਲਈ ਦੱਖਣੀ ਭਾਰਤ ਵਿੱਚ ਰਹਿਣ ਤੋਂ ਬਾਅਦ ਉਹ ਉੱਤਰਾਖੰਡ ਦੇ ਰਿਸ਼ੀਕੇਸ਼ ਚਲੀ ਗਈ। ਉੱਥੇ ਲੜਕੀ ਦੇ ਇੱਕ ਦੋਸਤ ਨੇ ਉਸੇ ਅਨੰਤਾ ਸੰਘ ਸੰਸਥਾ ਬਾਰੇ ਜਾਣਕਾਰੀ ਦਿੱਤੀ। ਇਸ ਸੰਘ ਨੂੰ ਮੂਲ ਤੌਰ ‘ਤੇ ਲਖਨਊ ਦਾ ਰਹਿਣ ਵਾਲਾ ਸੂਰਿਆਵਰਧਨ ਪਾਂਡੇ ਉਰਫ ਯਾਹੂ ਬਾਬਾ ਸੰਚਾਲਿਤ ਕਰਦਾ ਹੈ। ਪੀੜਤਾ ਦੀ ਦੋਸਤ ਨੇ ਉਸ ਨੂੰ ਦੱਸਿਆ ਕਿ ਬਾਬਾ ਉਸ ਨੂੰ ਡਿਪ੍ਰੈਸ਼ਨ ਤੋਂ ਕੱਢ ਦੇਵੇਗਾ ਅਤੇ ਉਹ ਬਾਬੇ ਰਾਹੀਂ ਅਲਟੀਮੇਟ ਟਰੁੱਥ ਨੂੰ ਜਾਣ ਸਕੇਗੀ। ਇਸ ਤੋਂ ਬਾਅਦ ਉਸਨੇ ਯਾਹੂ ਬਾਬਾ ਅਤੇ ਉਸਦੇ ਗਰੁੱਪ ਦੇ ਨਾਲ ਲਗਭਗ 4 ਮਹੀਨੇ ਬਿਤਾਏ।