ਅਲਬਰਟਾ – ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਦੀ ਟਿਕ-ਟੌਕ ’ਤੇ ਵਧ ਰਹੀ ਮਕਬੂਲੀਅਤ ਨੇ ਲਿਬਰਲ ਪਾਰਟੀ ਅਤੇ ਕੰਜ਼ਰਵੇਟਿਵ ਪਾਰਟੀ ਨੂੰ ਹੱਥਾਂ-ਪੈਰਾਂ ਦੀ ਪਾ ਦਿਤੀ ਹੈ। ਲਿਬਰਲ ਪਾਰਟੀ ਇਸ ਕਮੀ ਨੂੰ ਪੂਰਾ ਕਰਨ ਲਈ ‘ਗਰੀਨ ਫ਼ਲਾਏ’ ਐਪ ਦਾ ਸਹਾਰਾ ਲੈਣ ’ਤੇ ਵਿਚਾਰ ਕਰ ਰਹੀ ਹੈ ਜਦਕਿ ਕੰਜ਼ਰਵੇਟਿਵ ਪਾਰਟੀ ਵੱਲੋਂ ਸੋਸ਼ਲ ਮੀਡੀਆ ’ਤੇ ਆਪਣੀ ਚੜ੍ਹਤ ਬਣਾਉਣ ਲਈ ਸਲਾਹਕਾਰ ਫ਼ਰਮ ਟੌਪਮ ਗਿਰਿਨ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਜਗਮੀਤ ਸਿੰਘ ਦੀ ਟਿਕ-ਟੌਕ ਨਾਲ ਨੇੜਤਾ ਬਹੁਤ ਪੁਰਾਣੀ ਨਹੀਂ। 2019 ਦੀਆਂ ਆਮ ਚੋਣਾਂ ਦੌਰਾਨ ਉਨਟਾਰੀਓ ਵਿਚ ਚੋਣ ਪ੍ਰਚਾਰ ਕਰਦਿਆਂ ਉਸ ਵੇਲੇ ਦੇ ਡਿਜੀਟਲ ਡਾਇਰੈਕਟਰ ਨਾਦਿਰ ਮੁਹੰਮਦ ਨੇ ਜਗਮੀਤ ਸਿੰਘ ਦੀ ਪਹਿਲੀ ਟਿਕ-ਟੌਕ ਵੀਡੀਓ ਰਿਕਾਰਡ ਕੀਤੀ। 15 ਸਕਿੰਟ ਦੀ ਵੀਡੀਓ ਨੇ ਧੂਮਾਂ ਪਾ ਦਿਤੀਆਂ ਅਤੇ ਉਸ ਵੇਲੇ ਕੰਜ਼ਰਵੇਟਿਵ ਪਾਰਟੀ ਦੀ ਉਪ ਆਗੂ ਲਿਜ਼ਾ ਰੈਤ ਨੇ ਵੀ ਟਵਿਟਰ ਰਾਹੀਂ ਵੀਡੀਓ ਦੀ ਸ਼ਲਾਘਾ ਕੀਤੀ। ਹੁਣ ਤੱਕ ਵੀਡੀਓ ਨੂੰ 40 ਲੱਖ ਵਾਰ ਦੇਖਿਆ ਜਾ ਚੁੱਕਾ ਹੈ। ਜਗਮੀਤ ਸਿੰਘ ਦੇ ਟਿਕ-ਟੌਕ ’ਤੇ ਸਵਾ ਛੇ ਲੱਖ ਫ਼ੌਲੋਅਰ ਹਨ ਜਿਥੇ ਜ਼ਿਆਦਾਤਰ ਵਰਤੋਂਕਾਰ ਹਰਮਨ ਪਿਆਰੇ ਗੀਤ ’ਤੇ ਆਧਾਰਤ ਵੀਡੀਓ ਅਪਲੋਡ ਕਰਦੇ ਹਨ।