ਵੈਨਕੂਵਰ : ਮੈਟਰੋ ਵੈਨਕੂਵਰ ਦੀ ਪੁਲਿਸ ਦਾ ਕਹਿਣਾ ਹੈ ਕਿ ਤਿੰਨ ਵੱਡੇ ਸ਼ਹਿਰਾਂ ਵਿੱਚ ਪਿਛਲੇ ਕੁੱਝ ਦਿਨਾਂ ਵਿੱਚ ਹੀ ਲੋਕਾਂ ਦੇ ਅਚਾਨਕ ਮਾਰੇ ਜਾਣ ਦੀਆਂ ਰਿਪੋਰਟਾਂ ਵਿੱਚ ਕਾਫੀ ਵਾਧਾ ਹੋਇਆ ਹੈ। ਇਨ੍ਹਾਂ ਮੌਤਾਂ ਪਿੱਛੇ ਹੀਟ ਨੂੰ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ।
ਵੈਨਕੂਵਰ ਪੁਲਿਸ ਨੂੰ ਇਸ ਤਰ੍ਹਾਂ ਦੀਆਂ ਸੱਭ ਤੋਂ ਵੱਧ ਕਾਲਜ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਗਲਵਾਰ ਨੂੰ ਜਾਰੀ ਕੀਤੀ ਇੱਕ ਨਿਊਜ਼ ਰਲੀਜ਼ ਵਿੱਚ ਪੁਲਿਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸ਼ੁੱਕਰਵਾਰ ਤੋਂ ਜਦੋਂ ਤੋਂ ਹੀਟ ਵੇਵ ਸੁ਼ਰੂ ਹੋਈ ਹੈ ਉਦੋਂ ਤੋਂ ਸਿਟੀ ਵਿੱਚ ਅਚਾਨਕ 65 ਮੌਤਾਂ ਹੋ ਚੁੱਕੀਆਂ ਹਨ। ਸਾਰਜੈਂਟ ਸਟੀਵ ਐਡੀਸਨ ਨੇ ਆਖਿਆ ਕਿ ਅੱਜ ਦੁਪਹਿਰ 1:45 ਤੱਕ ਹੀ ਆਫੀਸਰਜ਼ ਨੂੰ ਅਚਾਨਕ ਹੋਈਆਂ 20 ਮੌਤਾਂ ਸਬੰਧੀ ਕਾਰਵਾਈ ਕਰਨੀ ਪਈ। ਉਨ੍ਹਾਂ ਆਖਿਆ ਕਿ ਇਨ੍ਹਾਂ ਤੋਂ ਇਲਾਵਾ ਦਰਜਨ ਭਰ ਲੋਕਾਂ ਦੀ ਮੌਤ ਹੋਰ ਹੋਈ ਹੈ ਜਿੱਥੇ ਕਾਰਵਾਈ ਲਈ ਪੁਲਿਸ ਅਧਿਕਾਰੀਆਂ ਨੂੰ ਭੇਜਿਆ ਜਾਣਾ ਹੈ। ਉਨ੍ਹਾਂ ਆਖਿਆ ਕਿ ਇਨ੍ਹਾਂ ਵਿੱਚੋਂ ਬਹੁਤੀਆਂ ਮੌਤਾਂ ਗਰਮੀ ਕਾਰਨ ਹੋਈਆਂ ਹਨ ਤੇ ਅੱਜ ਤੱਕ ਇਸ ਤਰ੍ਹਾਂ ਪਹਿਲਾਂ ਕਦੇ ਵੇਖਣ ਨੂੰ ਨਹੀਂ ਸੀ ਮਿਲਿਆ।
ਇਸੇ ਤਰ੍ਹਾਂ ਬਰਨਾਬੀ ਆਰਸੀਐਮਪੀ ਨੇ ਦੱਸਿਆ ਕਿ ਉਨ੍ਹਾਂ ਨੂੰ ਰਿਕਾਰਡ ਤੋੜ ਹੀਟ ਵੇਵ ਦੌਰਾਨ ਇਸ ਤਰ੍ਹਾਂ ਦੀਆਂ 25 ਕਾਲਜ਼ ਆ ਚੁੱਕੀਆਂ ਹਨ। ਆਰਸੀਐਮਪੀ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਬਿਆਨ ਵਿੱਚ ਆਖਿਆ ਗਿਆ ਕਿ ਇਨ੍ਹਾਂ ਵਿੱਚੋਂ ਬਹੁਤੀਆਂ ਮੌਤਾਂ ਲਈ ਤੇਜ਼ ਗਰਮੀ ਹੀ ਸੱਭ ਤੋਂ ਵੱਡਾ ਕਾਰਨ ਹੈ।ਮਰਨ ਵਾਲਿਆਂ ਵਿੱਚ ਬਹੁਤੀ ਗਿਣਤੀ ਬਜ਼ੁਰਗਾਂ ਦੀ ਹੈ। ਪੁਲਿਸ ਵਾਲਿਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਭਖਵੀਂ ਗਰਮੀ ਦੌਰਾਨ ਆਪਣੇ ਰਿਸ਼ਤੇਦਾਰਾਂ ਤੇ ਗੁਆਂਢੀਆਂ ਦਾ ਧਿਆਨ ਰੱਖਣ।
ਕਾਰਪੋਰਲ ਮਾਈਕ ਕਾਲੰਜ ਨੇ ਇੱਕ ਬਿਆਨ ਵਿੱਚ ਆਖਿਆ ਕਿ ਇਹ ਗਰਮ ਮੌਸਮ ਸਾਡੀ ਕਮਿਊਨਿਟੀ ਦੇ ਕਮਜ਼ੋਰ, ਬਜ਼ੁਰਗ ਤੇ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਮੈਂਬਰਾਂ ਲਈ ਘਾਤਕ ਸਿੱਧ ਹੋ ਰਿਹਾ ਹੈ। ਇਸ ਗਰਮੀ ਦੀ ਲਹਿਰ ਦੌਰਾਨ ਸਾਨੂੰ ਇੱਕ ਦੂਜੇ ਦਾ ਧਿਆਨ ਰੱਖਣਾ ਚਾਹੀਦਾ ਹੈ। ਬਾਅਦ ਵਿੱਚ ਕੀਤੀ ਗਈ ਅਪਡੇਟ ਵਿੱਚ ਮਾਊਂਟੀਜ਼ ਨੇ ਆਖਿਆ ਕਿ ਇੱਕ ਦਿਨ ਪਹਿਲਾਂ 15 ਲੋਕਾਂ ਦੇ ਗਰਮੀ ਕਾਰਨ ਮਾਰੇ ਜਾਣ ਦੀ ਰਿਪੋਰਟ ਹੋਈ ਤੇ ਮੰਗਲਵਾਰ ਤੱਕ ਇਹ ਅੰਕੜਾ 19 ਤੱਕ ਪਹੁੰਚ ਗਿਆ।ਤਾਜ਼ਾ ਅੰਕੜਿਆਂ ਅਨੁਸਾਰ ਦੋ ਦਿਨਾਂ ਵਿੱਚ ਸਿਟੀ ਵਿੱਚ 34 ਮੌਤਾਂ ਹੋ ਚੁੱਕੀਆਂ ਹਨ।
ਇਸੇ ਤਰ੍ਹਾਂ ਸਰ੍ਹੀ ਆਰਸੀਐਮਪੀ ਨੇ ਦੱਸਿਆ ਕਿ ਗਰਮੀ ਦੀ ਇਸ ਲਹਿਰ ਕਾਰਨ ਸਿਟੀ ਵਿੱਚ ਅਚਾਨਕ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਕਾਫੀ ਵੱਧ ਗਿਆ ਹੈ। ਮਾਊਂਟੀਜ਼ ਨੇ ਦੱਸਿਆ ਕਿ ਮੰਗਲਵਾਰ ਦੁਪਹਿਰ ਤੱਕ 13 ਮੌਤਾਂ ਦੀ ਖਬਰ ਉਨ੍ਹਾਂ ਨੂੰ ਮਿਲ ਚੁੱਕੀ ਹੈ ਤੇ ਇਸ ਤੋਂ ਪਹਿਲਾਂ ਸੋਮਵਾਰ ਨੂੰ ਗਰਮੀ ਕਾਰਨ 22 ਮੌਤਾਂ ਹੋ ਚੁੱਕੀਆਂ ਹਨ।
previous post