ਨਵੀਂ ਦਿੱਲੀ: ਪੜ੍ਹਾਈ, ਨੌਕਰੀ ਜਾਂ ਟੋਕੀਓ ਓਲੰਪਿਕ ਵਿੱਚ ਹਿੱਸਾ ਲੈਣ ਜਾ ਲਈ ਵਿਦੇਸ਼ ਜਾ ਰਹੇ ਭਾਰਤੀਆਂ ਨੂੰ ਆਪਣਾ ਪਾਸਪੋਰਟ CoWIN ਵੈਕਸੀਨੇਸ਼ਨ ਸਰਟੀਫਿਕੇਟ ਨਾਲ ਲਿੰਕ ਕਰਵਾਉਣਾ ਹੋਵੇਗਾ। ਕੇਂਦਰ ਨੇ ਸੋਮਵਾਰ ਨੂੰ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਹੁਕਮ ਟੀਕਾਕਰਨ ਸਬੰਧੀ ਕੁਝ ਹੋਰ ਬਦਲਾਵਾਂ ਦੇ ਨਾਲ ਜਾਰੀ ਕੀਤੇ ਹਨ।
ਨਵੇਂ ਨਿਯਮਾਂ ਮੁਤਾਬਕ, ਪ੍ਰਮਾਣ ਪੱਤਰ ਵਿੱਚ ਟੀਕੇ ਦੀ ਕਿਸਮ ਜਿਵੇਂ ਕਿ ‘ਕੋਵੀਸ਼ੀਲਡ’ (Covishield) ਦਰਸਾਉਣਾ ਹੀ ਕਾਫੀ ਹੈ ਅਤੇ ਇਸ ਤੋਂ ਇਲਾਵਾ ਹੋਰ ਵੇਰਵਿਆਂ ਦੀ ਲੋੜ ਨਹੀਂ ਹੈ। ਸਰਕਾਰ ਨੇ ਇਸ ਪਿੱਛੇ ਤਰਕ ਦਿੱਤਾ ਹੈ ਕਿ ਆਕਸਫੋਰਡ ਯੂਨੀਵਰਸਿਟੀ ਅਤੇ ਐਸਟ੍ਰਾਜ਼ੈਨੇਕਾ ਵੱਲੋਂ ਵਿਕਸਤ ਕੀਤੀ ਵੈਕਸੀਨ ਹੀ ਵਿਦੇਸ਼ ਵਿੱਚ ਮੰਨੀ ਜਾਂਦੀ ਹੈ। ਭਾਰਤ ਵਿੱਚ ਸੀਰਮ ਇੰਸਟੀਚਿਊਟ ਵੱਲੋਂ ਤਿਆਰ ਕੀਤੀ ਗਈ ਕੋਵੀਸ਼ੀਲਡ ਭਾਰਤ ਸਰਕਾਰ ਅਤੇ ਵਿਸ਼ਵ ਸਿਹਤ ਸੰਗਠਨ ਵੱਲੋਂ ਪ੍ਰਮਾਣਿਤ ਹੈ।