ਅਮਰੀਕਾ ਨੇ ਮਈ 2020 ਵਿਚ ਕੈਲੀਫੋਰਨੀਆ ਵਿਚ ਲਾਰੈਂਸ ਲਿਵਰਮੋਰ ਨੈਸ਼ਨਲ ਲੈਬਾਰਟਰੀ ਵਿਚ ਟਰੰਪ ਦੇ ਕਾਰਜਕਾਲ ਦੌਰਾਨ ਕੋਰੋਨਾਵਾਇਰਸ ਦੇ ਮੁੱਢ ਬਾਰੇ ਖੋਜ ਕੀਤੀ ਸੀ। ਜਿਥੇ ਅਮਰੀਕੀ ਸਰਕਾਰ ਦੀ ਰਾਸ਼ਟਰੀ ਪ੍ਰਯੋਗਸ਼ਾਲਾ ਨੇ ਕੋਵਿਡ 19 ਦੇ ਮੁੱਢ ਬਾਰੇ ਇੱਕ ਰਿਪੋਰਟ ਤਿਆਰ ਕੀਤੀ ਤੇ ਸਿੱਟਾ ਕੱਢਿਆ ਕਿ ਕੋਰੋਨਾ ਵਾਇਰਸ ਵੁਹਾਨ ਵਿੱਚ ਹੀ ਇੱਕ ਚੀਨੀ ਪ੍ਰਯੋਗਸ਼ਾਲਾ ਤੋਂ ਲੀਕ ਹੋਇਆ ਸੀ। ਨਾਲ ਹੀ ਇਸ ਦੀ ਅਗਲੀ ਜਾਂਚ ਨੂੰ ਸਹੀ ਦੱਸਿਆ ਗਿਆ ਹੈ। ਜਾਣਕਾਰੀ ਅਨੁਸਾਰ, ਲਾਰੇਂਸ ਲਿਵਰਮੋਰ ਲੈਬ ਦੀ ਖੋਜ ਕੋਵਿਡ 19 ਵਾਇਰਸ ਦੇ ਜੀਨੋਮਿਕ ਵਿਸ਼ਲੇਸ਼ਣ ‘ਤੇ ਅਧਾਰਤ ਮੰਨੀ ਜਾਂਦੀ ਹੈ।
ਉਥੇ ਹੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਨ੍ਹਾਂ ਆਪਣੇ ਸਾਥੀਆਂ ਨੂੰ ਵਾਇਰਸ ਦੀ ਸ਼ੁਰੂਆਤ ਬਾਰੇ ਜਵਾਬ ਲੱਭਣ ਦੇ ਆਦੇਸ਼ ਦਿੱਤੇ ਸਨ, ਜਿਸ ਤੋਂ ਬਾਅਦ ਯੂਐਸ ਖੁਫੀਆ ਏਜੰਸੀਆਂ ਦੋ ਸੰਭਾਵਿਤ ਦ੍ਰਿਸ਼ਾਂ ਬਾਰੇ ਵਿਚਾਰ ਕਰ ਰਹੀਆਂ ਹਨ ਕਿ ਕੀ ਵਾਇਰਸ ਕਿਸੇ ਲੈਬ ਤੋਂ ਲੀਕ ਹੋਇਆ ਜਾਂ ਇਹ ਇੱਕ ਸੰਕਰਮਿਤ ਜਾਨਵਰਾਂ ਨਾਲ ਮਨੁੱਖੀ ਸੰਪਰਕ ਦੁਆਰਾ ਫੈਲਿਆ ਹੈ।
ਯੂਐਸ ਸਰਕਾਰ ਦੇ ਸੂਤਰਾਂ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਦੌਰਾਨ ਚੀਨ ਦੇ ਵੁਹਾਨ ਇੰਸਟੀਚਿਊਟ ਆਫ ਵਾਇਰੋਲੋਜੀ ਦੇ ਤਿੰਨ ਖੋਜਕਰਤਾ ਨਵੰਬਰ 2019 ਵਿਚ ਇੰਨੇ ਬਿਮਾਰ ਹੋ ਗਏ ਸਨ ਕਿ ਉਨ੍ਹਾਂ ਨੇ ਹਸਪਤਾਲ ਦੀ ਦੇਖ ਭਾਲ ਦੀ ਮੰਗ ਕੀਤੀ ਸੀ।
ਇਨ੍ਹਾਂ ਖੋਜਕਰਤਾਵਾਂ ਦੀ ਬਿਮਾਰੀ ਦੇ ਸਹੀ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਪਰ ਇਹ ਮੰਨਿਆ ਜਾਂਦਾ ਹੈ ਕਿ ਲੈਬ ਵਿਚ ਵਾਇਰਸ ਨਾਲ ਸਬੰਧਤ ਕੰਮ ਚੱਲ ਰਿਹਾ ਸੀ। ਜਾਣਕਾਰੀ ਦੇ ਅਨੁਸਾਰ, ਅਮਰੀਕੀ ਅਧਿਕਾਰੀਆਂ ਨੇ ਚੀਨ ‘ਤੇ ਵਾਇਰਸ ਦੇ ਮੁੱਢ ‘ਤੇ ਪਾਰਦਰਸ਼ਤਾ ਦੀ ਘਾਟ ਦਾ ਦੋਸ਼ ਲਾਇਆ ਹੈ, ਪਰ ਬੀਜਿੰਗ ਨੇ ਇਸ ਦੋਸ਼ ਨੂੰ ਮੰਨਣ ਤੋਂ ਇਨਕਾਰ ਕੀਤਾ ਹੈ।