ਸਿਓਲ – ਰਾਸ਼ਟਰਪਤੀ ਜੋਅ ਬਾਇਡਨ ਨੇ ਬਿਆਨ ਤੋਂ ਬਾਅਦ ਉੱਤਰੀ ਕੋਰੀਆ ਅਮਰੀਕਾ ’ਤੇ ਹਮਲਾਵਰ ਹੋ ਗਿਆ ਹੈ। ਉਸ ਨੇ ਸਿੱਧਾ ਅਮਰੀਕਾ ਨੂੰ ਚਿਤਾਵਨੀ ਦੇ ਦਿੱਤੀ ਹੈ, ਉਹ ਨਤੀਜੇ ਭੁਗਤਣ ਲਈ ਤਿਆਰ ਹੋ ਜਾਵੇ। ਇਹ ਵੀ ਕਿਹਾ ਕਿ ਜੋਅ ਬਾਇਡਨ ਨੇ ਬਹੁਤ ਵੱਡੀ ਗ਼ਲਤੀ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਸੰਸਦ ’ਚ ਬਿਆਨ ਦਿੱਤਾ ਸੀ ਕਿ ਕੋਰੀਆ ਤੇ ਈਰਾਨ ਦੇ ਪਰਮਾਣੂ ਪ੍ਰੋਗਰਾਮ ਆਲਮੀ ਪੱਧਰ ’ਤੇ ਗੰਭੀਰ ਖ਼ਤਰਾ ਹੈ।
ਉੱਤਰੀ ਕੋਰੀਆ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਕਵੋਨ ਜੋਂਗ ਗੁਨ ਨੇ ਕਿਹਾ ਕਿ ਰਾਸ਼ਟਰਪਤੀ ਬਾਇਡਨ ਦੇ ਬਿਆਨ ਤੋਂ ਸਿੱਧ ਹੋ ਗਿਆ ਕਿ ਅਮਰੀਕਾ ਉੱਤਰੀ ਕੋਰੀਆ ਤੋਂ ਪੰਜ ਦਹਾਕਿਆਂ ਤੋਂ ਚੱਲੀ ਆ ਰਹੀ ਦੁਸ਼ਮਣੀ ਜਾਰੀ ਰੱਖਣਾ ਚਾਹੁੰਦਾ ਹੈ। ਇਸ ਨਾਲ ਅਮਰੀਕਾ ਦੇ ਨਵੇਂ ਪ੍ਰਸ਼ਾਸਨ ਦੀ ਨੀਤੀ ਸਪਸ਼ਟ ਹੋ ਗਈ ਹੈ। ਜੇਕਰ ਇਹੀ ਨੀਤੀ ਹੈ ਤਾਂ ਇਸ ਮੁਤਾਬਕ ਹੀ ਉੱਤਰੀ ਕੋਰੀਆ ਅੱਗੇ ਵਧੇਗਾ ਤੇ ਅਮਰੀਕਾ ਨੂੰ ਦੁਸ਼ਮਣੀ ਨਿਭਾਉਣ ਦਾ ਭੁਗਤਾਨ ਵੀ ਕਰਨਾ ਪਵੇਗਾ।
ਕਵੋਨ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਉੱਤਰੀ ਕੋਰੀਆ ਇਸ ਤੋਂ ਬਾਅਦ ਕੀ ਕਦਮ ਚੁੱਕੇਗਾ।
ਚੇਤੇ ਰਹੇ ਕਿ ਦੋ ਦਿਨ ਪਹਿਲਾਂ ਹੀ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਉੱਤਰੀ ਕੋਰੀਆ ਬਾਰੇ ਅਮਰੀਕੀ ਨੀਤੀ ਨੂੰ ਸਪਸ਼ਟ ਕੀਤਾ ਸੀ ਕਿ ਉਹ ਨਾ ਤਾਂ ਟਰੰਪ ਦੀ ਦੋਸਤਾਨਾ ਨੀਤੀ ’ਤੇ ਚੱਲੇਗਾ, ਨਾ ਹੀ ਓਬਾਮਾ ਦੀ ਸਬਰ ਵਾਲੀ ਨੀਤੀ ’ਤੇ। ਹੁਣ ਉੱਤਰੀ ਕੋਰੀਆ ਨਾਲ ਕੂਟਨੀਤਕ ਪੱਧਰ ’ਤੇ ਨਾਪਤੋਲ ਕੇ ਵਿਹਾਰ ਕੀਤਾ ਜਾਵੇਗਾ।