ਇਕਨੌਮਿਸਟਸ ਦਾ ਕਹਿਣਾ ਹੈ ਕਿ ਇਸ ਸਮੇਂ ਸੱਤ ਦਿਨਾਂ ਤੱਕ ਲਗਾਤਾਰ ਉਛਾਲ ਆਉਣ ਕਾਰਨ ਕੈਨੇਡੀਅਨ ਡਾਲਰ ਦੀ ਸਥਿਤੀ ਕਾਫੀ ਮਜ਼ਬੂਤ ਹੋ ਗਈ ਹੈ। ਇਸ ਸਮੇਂ ਕੈਨੇਡੀਅਨ ਡਾਲਰ ਅਜਿਹੀ ਸਥਿਤੀ ਵਿੱਚ ਹੈ ਜਿੱਥੇ ਉਹ ਖਪਤਕਾਰਾਂ ਨੂੰ ਤਾਂ ਫਾਇਦਾ ਪਹੁੰਚਾਵੇਗਾ ਪਰ ਕਾਰੋਬਾਰਾਂ ਨੂੰ ਵੀ ਨੁਕਸਾਨ ਨਹੀਂ ਪਹੁੰਚਾਵੇਗਾ।
ਵੀਰਵਾਰ ਨੂੰ ਲੂਨੀ ਅਮਰੀਕੀ ਡਾਲਰ ਦੇ ਮੁਕਾਬਲੇ 81·34 ਸੈਂਟ ਉੱਤੇ ਟਰੇਡ ਕਰਦਾ ਰਿਹਾ। ਫਰਵਰੀ 2018 ਤੋਂ ਬਾਅਦ ਇਹ ਸੱਭ ਤੋਂ ਉੱਚਾ ਪੱਧਰ ਹੈ। ਪਿਛਲੇ ਹਫਤੇ ਹੀ ਅਮਰੀਕੀ ਡਾਲਰ ਦੇ ਮੁਕਾਬਲੇ ਕੈਨੇਡੀਅਨ ਡਾਲਰ ਦੀ ਸਥਿਤੀ ਕਾਫੀ ਮਜ਼ਬੂਤ ਹੈ। ਐਸ ਆਈ ਏ ਵੈਲਥ ਮੈਨੇਜਮੈਂਟ ਦੇ ਚੀਫ ਮਾਰਕਿਟ ਸਟ੍ਰੈਟੇਜਿਸਟ ਕੌਲਿਨ ਸੀਜਿ਼ਨਸਕੀ ਨੇ ਦੱਸਿਆ ਕਿ ਇੱਕ ਦਹਾਕੇ ਪਹਿਲਾਂ ਹੀ ਕੈਨੇਡੀਅਨ ਤੇ ਅਮਰੀਕੀ ਡਾਲਰ ਬਰਾਬਰੀ ਉੱਤੇ ਸਨ। ਇਸ ਲਈ ਹਾਲ ਦੀ ਘੜੀ ਕਾਰੋਬਾਰਾਂ ਨੂੰ ਬਹੁਤਾ ਨੁਕਸਾਨ ਨਹੀਂ ਹੋਵੇਗਾ।
ਉਨ੍ਹਾਂ ਇਹ ਵੀ ਆਖਿਆ ਕਿ ਅਜੇ ਵੀ ਕੈਨੇਡੀਅਨ ਬਹੁਤ ਸਾਰੀਆਂ ਵਸਤਾਂ ਅਮਰੀਕਾ ਰਾਹੀਂ ਇੰਪੋਰਟ ਕਰਦੇ ਹਨ। ਇਹ ਹਾਲਾਤ ਅਜੇ ਵੀ ਮਹਾਂਮਾਰੀ ਤੇ ਸਰਹੱਦੀ ਪਾਬੰਦੀਆਂ ਦੇ ਬਾਵਜੂਦ ਜਾਰੀ ਹਨ। ਵਿਸ਼ਲੇਸ਼ਕ ਨੇ ਆਖਿਆ ਕਿ ਕੋਵਿਡ-19 ਕਾਰਨ ਕੁੱਝ ਕੰਜਿ਼ਊਮਰ ਰੁਝਾਨਾਂ ਵਿੱਚ ਗੜਬੜ ਹੋਵੇਗੀ ਜਿਵੇਂ ਕਿ ਸ਼ੌਪਿੰਗ ਤੇ ਟੂਰਿਜ਼ਮ ਆਦਿ।ਰੀਟੇਲ ਸੈਕਟਰ ਵਿੱਚ ਈ-ਕਾਮਰਸ ਵਿੱਚ ਵਾਧਾ ਹੋਣ ਨਾਲ ਬੀਐਮਓ ਫਾਇਨਾਂਸ਼ੀਅਲ ਗਰੁੱਪ ਦੇ ਚੀਫ ਇਕਨੌਮਿਸਟ ਡਗਲਸ ਪੌਰਟਰ ਨੇ ਆਖਿਆ ਕਿ ਕੈਨੇਡੀਅਨ ਆਨਲਾਈਨ ਸ਼ੌਪਿੰਗ ਲਈ ਅਮਰੀਕੀ ਕੰਪਨੀਆਂ ਵੱਲ ਹੀ ਝਾਕ ਰੱਖਦੇ ਹਨ।