ਕੈਲਗਰੀ – ਕੈਨੇਡਾ ਪਰਤਣ ਵਾਲੇ ਲੋਕਾਂ ਨੂੰ ਫੈਡਰਲ ਸਰਕਾਰ ਵੱਲੋਂ ਹੋਟਲਾਂ ਵਿੱਚ ਲਾਜ਼ਮੀ ਤੌਰ ਉੱਤੇ ਕੁਆਰਨਟੀਨ ਕੀਤੇ ਜਾਣ ਦੇ ਦਿੱਤੇ ਗਏ ਨਿਰਦੇਸ਼ਾਂ ਤੋਂ ਬਾਅਦ 2000 ਤੋਂ ਵੀ ਵੱਧ ਲੋਕ ਕੋਵਿਡ-19 ਪਾਜ਼ੀਟਿਵ ਆ ਚੁੱਕੇ ਹਨ। ਇੱਥੇ ਹੀ ਬੱਸ ਨਹੀਂ ਇਨ੍ਹਾਂ ਵਿੱਚੋਂ ਇੱਕ ਚੌਥਾਈ ਵੇਰੀਐਂਟ ਆਫ ਕਨਸਰਨ ਨਾਲ ਸੰਕ੍ਰਮਿਤ ਹਨ।
ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਵੱਲੋਂ ਦਿੱਤੇ ਗਏ ਡਾਟਾ ਅਨੁਸਾਰ ਸਾਫ ਹੁੰਦਾ ਹੈ ਕਿ 22 ਫਰਵਰੀ ਤੇ 22 ਅਪਰੈਲ ਦਰਮਿਆਨ 557 ਕੌਮਾਂਤਰੀ ਟਰੈਵਲਰਜ਼ ਵੇਰੀਐਂਟ ਆਫ ਕਨਸਰਨ ਨਾਲ ਪਾਜ਼ੀਟਿਵ ਪਾਏ ਗਏ। ਇਨ੍ਹਾਂ ਵਿੱਚੋਂ 518 ਮਾਮਲੇ ਬੀ·1·1·7 ਵੇਰੀਐਂਟ ਦੇ ਸਨ ਜਿਸ ਦੀ ਸੱਭ ਤੋਂ ਪਹਿਲਾਂ ਪਛਾਣ ਯੂਨਾਈਟਿਡ ਕਿੰਗਡਮ ਵਿੱਚ ਹੋਈ ਸੀ ਤੇ ਇਹ ਕੈਨੇਡਾ ਵਿੱਚ ਪਾਇਆ ਜਾਣ ਵਾਲਾ ਸੱਭ ਤੋਂ ਵੱਧ ਵੇਰੀਐਂਟ ਆਫ ਕਨਸਰਨ ਹੈ।
ਬਾਕੀ 27 ਪੈਸੈਂਜਰ ਬੀ·1·351 ਵੇਰੀਐਂਟ ਨਾਲ ਪਾਜ਼ੀਟਿਵ ਪਾਏ ਗਏ, ਇਸ ਵੇਰੀਐਂਟ ਦੀ ਸੱਭ ਤੋਂ ਪਹਿਲਾਂ ਪਛਾਣ ਸਾਊਥ ਅਫਰੀਕਾ ਵਿੱਚ ਹੋਈ ਸੀ। 12 ਮਾਮਲੇ ਬ੍ਰਾਜ਼ੀਲ ਵਿੱਚ ਪਾਏ ਗਏ ਪੀ·ਆਈ ਵੇਰੀਐਂਟ ਦੇ ਸੀ।ਹੁਣ ਕੈਨੇਡਾ ਵਿੱਚ ਬੀ·1·1·7 ਦੇ 95000 ਪੁਸ਼ਟ ਮਾਮਲੇ ਹਨ, ਬੀ·1·351 ਦੇ 578 ਮਾਮਲੇ ਤੇ 2000 ਮਾਮਲੇ ਪੀ·ਆਈ ਦੇ ਹਨ।ਵਿਰੋਧੀ ਪਾਰਟੀਆਂ ਤੇ ਪ੍ਰੋਵਿੰਸ਼ੀਅਲ ਸਰਕਾਰਾਂ ਤੋਂ ਲਗਾਤਾਰ ਫੈਡਰਲ ਸਰਕਾਰ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਟਰੈਵਲਰਜ਼ ਨੂੰ ਤਰ੍ਹਾਂ ਤਰ੍ਹਾਂ ਦੇ ਵੇਰੀਐਂਟਸ ਕੈਨੇਡਾ ਲਿਆਉਣ ਤੋਂ ਰੋਕਣ ਲਈ ਹੋਰ ਸਖ਼ਤ ਕਦਮ ਚੁੱਕੇ ਜਾਣ।
ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂ 24 ਅਪਰੈਲ ਨੂੰ ਟਵਿੱਟਰ ਉੱਤੇ ਫੈਡਰਲ ਸਰਕਾਰ ਨੂੰ ਸਾਰੇ ਗੈਰ ਅਸੈਂਸ਼ੀਅਲ ਟਰੈਵਲ ਨੂੰ ਰੋਕਣ ਦੀ ਅਪੀਲ ਕੀਤੀ। ਉਨ੍ਹਾਂ ਆਖਿਆ ਕਿ ਜੇ ਇਸੇ ਤਰ੍ਹਾਂ ਪਾਜ਼ੀਟਿਵ ਟਰੈਵਲਰਜ਼ ਕੈਨੇਡਾ ਆਉਂਦੇ ਰਹੇ ਤਾਂ ਸਾਡੇ ਆਈ ਸੀ ਯੂਜ਼ ਪੂਰੀ ਤਰ੍ਹਾਂ ਭਰ ਜਾਣਗੇ। ਪਿਛਲੇ ਹਫਤੇ ਕੈਨੇਡਾ ਨੇ ਭਾਰਤ ਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਫਲਾਈਟਸ ਉੱਤੇ ਵੀ ਆਰਜ਼ੀ ਰੋਕ ਲਾ ਦਿੱਤੀ ਹੈ। ਪਰ ਸਿਰਫ ਇਹ ਦੋਵੇਂ ਦੇਸ਼ ਹੀ ਕੋਵਿਡ-19 ਦਾ ਸਰੋਤ ਨਹੀਂ ਹਨ।