ਲੰਡਨ- ਸ਼ਨੀਵਾਰ ਨੂੰ ਪ੍ਰਿੰਸ ਫਿਿਲਪ ਦਾ ਅੰਤਿਮ ਸੰਸਕਾਰ ਤੋਂ ਬਾਅਦ ਬਰਤਾਨੀਆਂ ਦੀ ਮਹਾਰਾਣੀ ਐਲਿਜ਼ਾਬੈਥ ਦੂਜੀ ਨੇ ਆਪਣਾ 95ਵਾਂ ਜਨਮਦਿਨ ਬਹੁਤ ਹੀ ਸਾਦੇ ਢੰਗ ਨਾਲ ਮਨਾਇਆ। ਇਸ ਮੌਕੇ ਬਕਿੰਘਮ ਪੈਲਿਸ ਵੱਲੋਂ ਪ੍ਰਿੰਸ ਫਿਲਪ ਤੋਂ ਬਿਨ੍ਹਾਂ ਇਕੱਲੀ ਮਹਾਰਾਣੀ ਐਲਿਜਾਬੈੱਥ ਦੀ ਤਸਵੀਰ ਜਾਰੀ ਕੀਤੀ ਹੈ, ਜੋ ਫਰਵਰੀ 2020 ਵਿੱਚ ਖਿੱਚੀ ਗਈ ਸੀ। ਹਾਲਾਂਕਿ ਡਿਊਕ ਆਫ ਐਡਿਨਬਰਗ ਦੀ ਯਾਦ ਵਿੱਚ ਰਾਸ਼ਟਰੀ ਸੋਗ ਦਾ ਸਮਾਂ ਐਤਵਾਰ ਨੂੰ ਖਤਮ ਹੋ ਗਿਆ ਸੀ, ਪਰ ਸ਼ਾਹੀ ਪਰਿਵਾਰ ਸ਼ੁੱਕਰਵਾਰ ਤੱਕ ਸੋਗ ਮਨਾ ਰਿਹਾ ਹੈ। ਮਹਾਰਾਣੀ ਦੇ ਜਨਮ ਦਿਨ ਮੌਕੇ ਪ੍ਰਿੰਸ ਆਫ ਵੇਲਜ਼ ਪ੍ਰਿੰਸ ਚਾਰਲਸ, ਡਿਊਕ ਆਫ ਕੈਂਬ੍ਰਿਜ਼ ਅਤੇ ਪ੍ਰੀਵਾਰ ਦੇ ਹੋਰ ਮੈਂਬਰਾਂ ਫੋਨ ਰਾਹੀਂ ਮਹਾਰਾਣੀ ਨੂੰ ਮੁਬਾਰਕਬਾਦ ਦਿੱਤੀ। ਜਦ ਕਿ ਪ੍ਰਿੰਸ ਐਂਡਰਿਊ, ਪ੍ਰਿੰਸ ਐਡਵਰਡ ਅਤੇ ਉਹਨਾਂ ਦੀ ਪਤਨੀ ਪ੍ਰਿੰਸਸ ਸੋਫੀ ਨੇ ਵਿਡੰਸਰ ਕਾਸਲ ਵਿੱਚ ਆ ਕੇ ਮੁਬਾਰਕਬਾਦ ਦਿੱਤੀ। ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਟਵੀਟ ਕਰਕੇ ਵਧਾਈਆਂ ਦਿੰਦਿਆਂ ਕਿਹਾ ਕਿ , “ਮੈਂ ਮਹਾਰਾਣੀ ਨੂੰ ਉਨ੍ਹਾਂ ਦੇ 95ਵੇਂ ਜਨਮਦਿਨ ‘ਤੇ ਨਿੱਘੀਆਂ ਵਧਾਈਆਂ ਭੇਜਣਾ ਚਾਹੁੰਦਾ ਹਾਂ। ਮੈਂ ਉਹਨਾਂ ਦਾ ਅਤੇ ਦੇਸ਼ ਅਤੇ ਰਾਸ਼ਟਰਮੰਡਲ ਲਈ ਉਹਨਾਂ ਦੀਆਂ ਸੇਵਾਵਾਂ ਦਾ ਡੂੰਘਾ ਸਤਿਕਾਰ ਕੀਤਾ ਹੈ। ਮੈਨੂੰ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦੇ ਕੰਮ ‘ਤੇ ਮਾਣ ਹੈ।” ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਇਸ ਖਾਸ ਦਿਨ ਮੌਕੇ ਕੋਵਿਡ 19 ਕਾਰਨ ਮਹਾਰਾਣੀ ਦੇ ਜਨਮ ਦਿਨ ਮੌਕੇ ਹਾਈਡ ਪਾਰਕ ਅਤੇ ਟਾਵਰ ਆਫ ਲੰਡਨ ਵਿਖੇ ਤੋਪਾਂ ਦੀ ਸਲਾਮੀ ਸਮਾਗਮ ਰੱਦ ਕੀਤੇ ਗਏ ਹਨ।
ਮਹਾਰਾਣੀ ਐਲਿਜਾਬੈੱਥ ਨੇ ਜਨਮ ਦਿਨ ਮੌਕੇ ਪ੍ਰਿੰਸ ਫਿਲਪ ਦਾ ਜਿਕਰ ਕਰਦਿਆਂ ਕਿਹਾ ਕਿ ਉਹਨਾਂ ਦੇ ਪ੍ਰੀਵਾਰ ਲਈ ਇਹ ਦੁਖਦਾਈ ਸਮਾਂ ਹੈ, ਯੂ ਕੇ, ਰਾਸ਼ਟਰ ਮੰਡਲ ਦੇਸ਼ਾਂ ਅਤੇ ਵਿਸ਼ਵ ਭਰ ਤੋਂ ਸ਼ੋਕ ਸੁਨੇਹੇ ਆਏ ਹਨ। ਮੈਂ ਅਤੇ ਮੇਰਾ ਪ੍ਰੀਵਾਰ ਸਾਰੇ ਸਹਿਯੋਗੀਆਂ ਅਤੇ ਦਿਆਲਤਾ ਵਿਖਾਉਣ ਵਾਲਿਆਂ ਦਾ ਧੰਨਵਾਦ ਕਰਦੇ ਹਾਂ।
ਜਿਕਰਯੋਗ ਹੈ ਕਿ ਮਹਾਰਾਣੀ ਐਲਿਜਾਬੈੱਥ ਦਾ ਜਨਮ 21 ਅਪਰੈਲ 1926 ਨੂੰ ਸਵੇਰੇ 2:40 ਵਜੇ 17 ਬਰਟਨ ਸਟਰੀਟ ਮੇਅਰਫੇਅਰ ਲੰਡਨ ਵਿਖੇ ਹੋਇਆ ਸੀ। ਉਹ ਡਿਊਕ ਅਤੇ ਡਿਊਚਸ ਆਫ ਯੌਰਕ ਦੀ ਪਹਿਲੀ ਸੰਤਾਨ ਸਨ, ਜੋ ਬਾਅਦ ਵਿੱਚ ਬਰਤਾਨੀਆਂ ਦੇ ਸ਼ਾਸ਼ਕ ਜਰਜ ਚੌਥੇ ਬਣੇ ਅਤੇ ਉਹਨਾਂ ਦੇ ਦੇਹਾਂਤ ਤੋਂ ਬਾਅਦ ਐਲਿਜਾਬੈੱਥ ਦੂਜੀ ਮਹਾਰਾਣੀ ਬਣੀ। ਮਹਾਰਾਣੀ ਵੱਲੋਂ ਭਾਵੇਂ ਆਮ ਕੰਮ ਕਾਜ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਉਹਨਾਂ ਵੱਲੋਂ ਪਹਿਲੀ ਜਨਤਕ ਜਿੰਮੇਂਵਾਰੀ 11 ਮਈ ਨੂੰ ਨਿਭਾਈ ਜਾਵੇਗੀ ਜਦੋਂ ਉਹ ਪ੍ਰਿੰਸ ਚਾਰਲਸ ਨਾਲ ਬਰਤਾਨੀਆਂ ਦੀ ਸੰਸਦ ਦੀ ਕਾਰਵਾਈ ਦੀ ਆਰੰਭਤਾ ਕਰਨਗੇ। ਮਹਾਰਾਣੀ ਦੇ 70ਵੇਂ ਸ਼ਾਸ਼ਕ ਕਾਲ ਦੇ ਜਸ਼ਨਾਂ ਦੇ ਸਮਾਗਮਾਂ ਦੀ ਆਰੰਭਤਾ ਵੀ ਹੋਣ ਜਾ ਰਹੀ ਹੈ। ਮਹਾਰਾਣੀ ਐਲਿਜਾਬੈੱਥ ਨੇ 6 ਫਰਵਰੀ 1952 ਨੂੰ ਆਪਣੇ ਪਿਤਾ ਜੌਰਜ 6ਵੇਂ ਦੇ ਦੇਹਾਂਤ ਤੋਂ ਬਾਅਦ ਰਾਜਕਾਲ ਸੰਭਾਲਿਆ ਸੀ ਅਤੇ ਉਹਨਾਂ 2 ਜੂਨ 1953 ਨੂੰ ਸੌਂਹ ਚੁੱਕੀ ਸੀ।