ਅੰਮ੍ਰਿਤਸਰ- ਵਿਸਾਖੀ ਮੌਕੇ ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਦਰਸ਼ਨ ਕਰਨ ਗਏ ਜਥੇ ਵਿਚੋਂ 816 ਸ਼ਰਧਾਲੂਆਂ ਵਿਚੋਂ 200 ਜਣਿਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਸਹਾਇਕ ਸਿਵਲ ਸਰਜਨ ਅਮਰਜੀਤ ਸਿੰਘ ਨੇ ਦੱਸਿਆ ਕਿ ਰੈਪਿਡ ਐਂਟੀਜਨ ਟੈਸਟ ਦੇ ਆਧਾਰ ’ਤੇ ਇਹ ਅੰਕੜਾ ਸਾਹਮਣੇ ਆਇਆ ਜਿਸ ਦੀ ਰਿਪੋਰਟ 15-20 ਮਿੰਟ ਵਿਚ ਆ ਜਾਂਦੀ ਹੈ। ਇਸ ਤੋਂ ਬਾਅਦ ਕੁਝ ਸ਼ਰਧਾਲੂਆਂ ਨੇ ਅਟਾਰੀ ਬਾਰਡਰ ’ਤੇ ਕੋਰੋਨਾ ਸੈਂਪÇਲੰਗ ਦੌਰਾਨ ਹੰਗਾਮਾ ਕੀਤਾ। ਲੋਕਾਂ ਨੇ ਹੈਲਥ ਟੀਮ ਨਾਲ ਧੱਕਾਮੁੱਕੀ ਕੀਤੀ ਅਤੇ ਰਿਕਾਰਡ ਪਾੜ ਦਿੱਤਾ। ਜਿਵੇਂ ਹੀ ਰੈਪਿਡ ਐਂਟੀਜਨ ਟੈਸਟ ਵਿਚ 200 ਤੋਂ ਜ਼ਿਆਦਾ ਸ਼ਰਧਾਲੂਆਂ ਦੀ ਰਿਪੋਰਟ ਪਾਜ਼ੇਟਿਵ ਆਈ, ਹੰਗਾਮਾ ਸ਼ੁਰੂ ਹੋ ਗਿਆ। ਪਾਜ਼ੀਟਿਵ ਮਰੀਜ਼ਾਂ ਦੇ ਆਰਟੀਪੀਸੀਆਰ ਟੈਸਟ ਹੋਣੇ ਸੀ ਪ੍ਰੰਤੂ ਉਸ ਤੋਂ ਪਹਿਲਾਂ ਹੀ ਇਹ ਲੋਕ ਹੰਗਾਮਾ ਕਰੇ ਘਰਾਂ ਵੱਲ ਨਿਕਲ ਗਏ। ਸਹਾਇਕ ਸਿਵਲ ਸਰਜਨ ਡਾ. ਅਮਰਜੀਤ ਸਿੰਘ ਨੇ ਦੱਸਿਆ ਕਿ ਹਾਲਾਤ ਕਾਫੀ ਗੰਭੀਰ ਬਣ ਗਏ ਸੀ ਸਿਹਤ ਮਹਿਕਮੇ ਨੇ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅੱਧੇ ਤੋਂ ਜ਼ਿਆਦਾ ਲੋਕਾਂ ਦੀ ਰਿਪੋਰਟ ਪਾਜ਼ੀਟਿਵ ਨਿਕਲਣ ਦੇ ਅਸਾਰ ਸੀ। ਡੀਸੀ ਗੁਰਪ੍ਰੀਤ ਸਿੰਘ ਖਹਿਰਾ ਨੇ ਕਿਹਾ ਕਿ ਪਾਜ਼ੀਟਿਵ ਲੋਕਾਂ ਦੀ ਲਿਸਟ ਨਾਂ ਅਤੇ ਪਤੇ ਸਣੇ ਮੰਗਵਾ ਕੇ ਟਰੇਸ ਕਰਨ ਲਈ ਟੀਮਾਂ ਬਣਾਈਆਂ ਗਈਆਂ ਹਨ। ਇਹ ਟੀਮ ਘਰ ਪਹੁੰਚ ਕੇ ਉਨ੍ਹਾਂ ਹੋਮ ਆਈਸੋਲੇਟ ਕਰੇਗੀ। ਜੇਕਰ ਨਹੀ ਮੰਨਦੇ ਤਾਂ ਪ੍ਰਸ਼ਾਸਨ ਸਖ਼ਤੀ ਕਰੇਗੀ। ਦੱਸ ਦੇਈਏ ਕਿ 12 ਅਪ੍ਰੈਲ ਨੂੰ 816 ਸਿੱਖਾਂ ਦਾ ਜਥਾ 10 ਦਿਨ ਦੀ ਯਾਤਰਾ ’ਤੇ ਪਾਕਿਸਤਾਨ ਰਵਾਨਾ ਹੋਇਆ ਸੀ। ਸ਼੍ਰੋਮਣੀ ਕਮੇਟੀ ਵੱਲੋਂ ਵਿਸ਼ੇਸ਼ ਕੈਂਪ ਦੌਰਾਨ ਇਨ੍ਹਾਂ ਸਾਰਿਆਂ ਦੇ ਕੋਵਿਡ ਟੈਸਟ ਕੀਤੇ ਗਏ। ਪਾਕਿਸਤਾਨ ਵਿਚ ਦਾਖ਼ਲ ਹੋਣ ਲਈ ਕੋਰੋਨਾ ਰਿਪੋਰਟ ਨੈਗੇਟਿਵ ਹੋਣੀ ਲਾਜ਼ਮੀ ਸੀ। ਵਿਸਾਖੀ ਦੇ ਮੁੱਖ ਸਮਾਗਮ ਹਸਨ ਅਬਦਾਲ ਵਿਖੇ ਸਥਿਤ ਗੁਰਦਵਾਰਾ ਪੰਜਾ ਸਾਹਿਬ ਵਿਖੇ ਕਰਵਾਏ ਗਏ। ਵਾਪਸੀ ਵੇਲੇ ਇਹ ਜਥਾ ਗੁਰਦਵਾਰਾ ਦਰਬਾਰ ਸਾਹਿਬ, ਕਰਤਾਰਪੁਰ ਵਿਖੇ ਗਿਆ ਅਤੇ ਇਥੇ ਨਗਰ ਕੀਰਤਨ ਵੀ ਸਜਾਇਆ ਗਿਆ। ਜਥੇ ਵੱਲੋਂ ਪਾਕਿਸਤਾਨ ਵਿਚ ਗੁਰਧਾਮਾਂ ਦੇ ਦਰਸ਼ਨਾਂ ਦੌਰਾਨ ਸਥਾਨਕ ਸਿੱਖ ਪਰਵਾਰਾਂ ਨੂੰ ਹਦਾਇਤ ਦਿਤੀ ਗਈ ਸੀ ਕਿ ਉਹ ਸੋਸ਼ਲ ਡਿਸਟੈਂਸਿੰਗ ਦੀ ਖ਼ਾਸ ਤੌਰ ’ਤੇ ਪਾਲਣਾ ਕਰਨ।