ਕੈਲਗਰੀ – ਫੈਡਰਲ ਸਰਕਾਰ ਵੱਲੋਂ ਭਾਰਤ ਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਕਮਰਸ਼ੀਅਲ ਤੇ ਪ੍ਰਾਈਵੇਟ ਉਡਾਨਾਂ ਉੱਤੇ 30 ਦਿਨਾਂ ਲਈ ਰੋਕ ਲਾ ਦਿੱਤੀ ਗਈ ਹੈੇ। ਇਹ ਹੁਕਮ ਵੀਰਵਾਰ ਰਾਤੀਂ 11:30 ਵਜੇ ਤੋਂ ਪ੍ਰਭਾਵੀ ਹੋ ਗਏ। ਇਨ੍ਹਾਂ ਦੇਸ਼ਾਂ ਵਿੱਚ ਕੋਵਿਡ-19 ਦੀਆਂ ਵੱਧ ਰਹੀਆਂ ਇਨਫੈਕਸ਼ਨਜ਼ ਕਾਰਨ ਹੀ ਫੈਡਰਲ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ।
ਵੀਰਵਾਰ ਸ਼ਾਮ ਨੂੰ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਸਿਹਤ, ਇਮੀਗ੍ਰੇਸ਼ਨ, ਟਰਾਂਸਪੋਰਟ, ਪਬਲਿਕ ਸੇਫਟੀ ਤੇ ਇੰਟਰਗਵਰਮੈਂਟਲ ਮਾਮਲਿਆਂ ਬਾਰੇ ਮੰਤਰੀਆਂ ਨੇ ਇਸ ਫੈਸਲੇ ਸਬੰਧੀ ਐਲਾਨ ਕੀਤਾ।ਸਰਕਾਰ ਉੱਤੇ ਵੇਰੀਐਂਟ ਦੇ ਪਸਾਰ ਨੂੰ ਰੋਕਣ ਲਈ ਘਰੇਲੂ ਪੱਧਰ ਉੱਤੇ ਕਾਫੀ ਦਬਾਅ ਪਾਇਆ ਜਾ ਰਿਹਾ ਹੈ।ਟਰਾਂਸਪੋਰਟ ਮੰਤਰੀ ਓਮਰ ਅਲਘਬਰਾ ਨੇ ਆਖਿਆ ਕਿ ਉਹ ਇਨ੍ਹਾਂ ਦੋਵਾਂ ਦੇਸ਼ਾਂ ਤੋਂ ਆਉਣ ਵਾਲੇ ਟਰੈਵਲਰਜ਼ ਉੱਤੇ ਅਸਥਾਈ ਪਾਬੰਦੀ ਇਸ ਲਈ ਲਾ ਰਹੇ ਹਨ ਕਿਉਂਕਿ ਇੱਥੋਂ ਪਹੁੰਚਣ ਵਾਲੇ ਯਾਤਰੀਆਂ ਦੇ ਟੈਸਟ ਨਤੀਜੇ ਪਾਜ਼ੀਟਿਵ ਆ ਰਹੇ ਹਨ।
ਇਸ ਤੋਂ ਇਲਾਵਾ ਜੇ ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਟਰੈਵਲਰਜ਼ ਅਸਿੱਧੇ ਰੂਟ ਰਾਹੀਂ ਇੱਥੇ ਪਹੁੰਚਦੇ ਹਨ ਤਾਂ ਉਨ੍ਹਾਂ ਨੂੰ ਆਪਣਾ ਨੈਗੇਟਿਵ ਪੀ ਸੀ ਆਰ ਟੈਸਟ ਵਿਖਾਉਣਾ ਹੋਵੇਗਾ। ਇੱਕ ਵਾਰੀ ਉਨ੍ਹਾਂ ਦੇ ਕੈਨੇਡਾ ਪਹੁੰਚਣ ਉੱਤੇ ਉਨ੍ਹਾਂ ਨੂੰ ਸਟੈਂਡਰਡ ਪ੍ਰੋਟੋਕਾਲ ਦਾ ਹੀ ਪਾਲਣ ਕਰਨਾ ਹੋਵੇਗਾ। ਫਿਰ ਉਨ੍ਹਾਂ ਨੂੰ ਇੱਥੇ ਆ ਕੇ ਇੱਕ ਹੋਰ ਟੈਸਟ ਕਰਵਾਉਣਾ ਹੋਵੇਗਾ ਤੇ ਇਸ ਦੇ ਨਤੀਜੇ ਦੀ ਉਡੀਕ ਕਰਦੇ ਸਮੇਂ ਉਨ੍ਹਾਂ ਨੂੰ ਸਰਕਾਰ ਵੱਲੋਂ ਨਿਰਧਾਰਤ ਹੋਟਲ ਵਿੱਚ ਰੁਕਣਾ ਹੋਵੇਗਾ।ਅਲਘਬਰਾ ਨੇ ਆਖਿਆ ਕਿ ਲੋੜ ਪੈਣ ਉੱਤੇ ਉਹ ਹੋਰਨਾਂ ਦੇਸ਼ਾਂ ਤੋਂ ਆਉਣ ਵਾਲੀਆਂ ਫਲਾਈਟਸ ਉੱਤੇ ਪਾਬੰਦੀ ਲਾਉਣ ਤੋਂ ਵੀ ਨਹੀਂ ਹਿਚਕਿਚਾਉਣਗੇ।