ਨਵੀਂ ਦਿੱਲੀ: ਦੁਨੀਆ ਦੇ ਸਾਰੇ ਦੇਸ਼ਾਂ ਵਿੱਚ ਹੁਣ ਕੋਰੋਨਾ ਵੈਕਸੀਨ ਦੇ ਟੀਕਾਕਰਨ ਦਾ ਕੰਮ ਚੱਲ ਰਿਹਾ ਹੈ। ਲੋਕਾਂ ਵਿੱਚ ਹਾਲੇ ਵਿਦੇਸ਼ੀ ਯਾਤਰਾ ਕਰਨ ਨੂੰ ਲੈ ਕੇ ਡਰ ਹੈ। ਵਿਦੇਸ਼ੀ ਸੈਲਾਨੀ ਭਾਰਤ ਦੀ ਯਾਤਰਾ ਕਰਨ ਤੋਂ ਝਿਜਕ ਰਹੇ ਹਨ। ਜ਼ਿਆਦਾਤਰ ਟੂਰਿਸਟ ਕੁਆਰੰਟੀਨ ਦੇ ਨਿਯਮਾਂ ਦੀ ਪਾਲਣਾ ਨੂੰ ਲੈ ਕੇ ਦੋਚਿੱਤੀ ਵਿੱਚ ਫਸੇ ਹੋਏ ਹਨ। ਇਸੇ ਲਈ ਕਿਹਾ ਜਾ ਰਿਹਾ ਹੈ ਕਿ ਸਾਲ 2023 ਤੋਂ ਪਹਿਲਾਂ ਭਾਰਤ ’ਚ ਵਿਦੇਸ਼ੀ ਸੈਲਾਨੀਆਂ ਦੀ ਆਮਦ ਸਹੀ ਤਰੀਕੇ ਨਹੀਂ ਹੋ ਸਕੇਗੀ।
‘ਸੈਂਟਰ ਫ਼ਾਰ ਏਸ਼ੀਆ ਪੈਸੀਫ਼ਿਕ ਏਵੀਏਸ਼ਨ’ (CAPA) ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ‘ਕੌਮਾਂਤਰੀ ਹਵਾਈ ਟ੍ਰਾਂਸਪੋਰਟ ਐਸੋਸੀਏਸ਼ਨ’ (IATA) ਦੇ ਤਾਜ਼ਾ ਸਰਵੇਖਣ ’ਚ ਪਾਇਆ ਗਿਆ ਹੈ ਕਿ 80% ਵਿਜ਼ੀਟਰਜ਼ ਕੁਆਰੰਟੀਨ ਨਿਯਮਾਂ ਕਾਰਣ ਯਾਤਰਾ ਨਹੀਂ ਕਰਨੀ ਚਾਹੁੰਦੇ।
CAPA ਦੀ ਮੁਢਲੀ ਭਵਿੱਖਬਾਣੀ ਦੱਸਦਾ ਹੈ ਕਿ 2030 ਤੱਕ ਵਿਦੇਸ਼ੀ ਸੈਲਾਨੀਆਂ ਦਾ ਵਧ ਕੇ 1.80 ਕਰੋੜ ਤੱਕ ਹੀ ਹੋ ਸਕੇਗਾ। ਇਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿਦੇਸ਼ੀ ਸੈਲਾਨੀਆਂ ਦੀ ਆਮਦ ਲਈ ਲੰਮੀਆਂ ਉਡਾਣਾਂ ਉੱਤੇ ਨਿਰਭਰ ਹੈ। ਸੀਏਪੀਏ ਨੇ ਕਿਹਾ ਇਸ ਤਰ੍ਹਾਂ ਦੀਆਂ ਲੰਮੀਆਂ ਉਡਾਣਾਂ ਦੇ ਛੋਟੀ ਤੇ ਦਰਮਿਆਨੀ ਦੂਰੀ ਦੀਆਂ ਉਡਾਣਾਂ ਦੇ ਮੁਕਾਬਲੇ ਹੌਲੀ-ਹੌਲੀ ਲੀਹ ਉੱਤੇ ਆਉਣ ਦੀ ਆਸ ਹੈ।
ਇਹ ਅਨੁਮਾਨ ਵੀ ਲਾਇਆ ਗਿਆ ਹੈ ਕਿ 72.0% ਲੋਕ ਮਹਾਮਾਰੀ ਦੇ ਖ਼ਤਮ ਹੁੰਦਿਆਂ ਹੀ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਲਈ ਹਵਾਈ ਯਾਤਰਾ ਕਰਨਗੇ। ਕੋਵਿਡ 19 ਦੇ ਜ਼ਿਆਦਾ ਮਾਮਲੇ ਇੰਗਲੈਂਡ, ਅਮਰੀਕਾ, ਕੈਨੇਡਾ, ਚੀਨ, ਮਲੇਸ਼ੀਆ ਤੇ ਆਸਟ੍ਰੇਲੀਆ ਵਿੱਚ ਪਾਏ ਜਾ ਰਹੇ ਹਨ ਤੇ ਇਨ੍ਹਾਂ ਹੀ ਦੇਸ਼ਾਂ ਤੋਂ ਸੈਲਾਨੀ ਸਭ ਤੋਂ ਵੱਧ ਗਿਣਤੀ ’ਚ ਭਾਰਤ ਆਉਂਦੇ ਹਨ।
IATA ਦੇ ਸਰਵੇਖਣ ’ਚ ਪਾਇਆ ਗਿਆ ਕਿ ਜਦੋਂ ਤੱਕ ਅਰਥਵਿਵਸਥਾ ਸਥਿਰ ਨਹੀਂ ਹੋ ਜਾਂਦੀ, ਤਦ ਤੱਕ 56% ਸੰਭਾਵੀ ਯਾਤਰੀ ਆਪਣੀ ਹਵਾਈ ਯਾਤਰਾ ਮੁਲਤਵੀ ਕਰ ਦੇਣਗੇ।