ਡਿਗਬੋਈ- ਅਸਾਮ ਵਿਧਾਨ ਸਭਾ ਚੋਣਾਂ ‘ਚ ਹੁਣ ਕੁਝ ਹੀ ਦਿਨ ਬਚੇ ਹਨ। ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ‘ਚ ਆਪਣੀ ਪੂਰੀ ਤਾਕਤ ਲਗਾਈ ਹੋਈ ਹੈ। ਰਾਹੁਲ ਗਾਂਧੀ ਸ਼ਨਿੱਚਰਵਾਰ ਨੂੰ ਅਸਾਮ ਦੇ ਡਿਗਬੋਈ ਪਹੁੰਚੇ। ਇੱਥੇ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਸਰਕਾਰ ‘ਤੇ ਤਿੱਖਾ ਹਮਲਾ ਕੀਤਾ।
ਰਾਹੁਲ ਗਾਂਧੀ ਨੇ ਕਿਹਾ ਕਿ ਖੇਤੀ ਬਿੱਲ ਬਗੈਰ ਵਿਚਾਰ-ਵਟਾਂਦਰੇ ਤੋਂ ਪਾਸ ਕਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਸਰਕਾਰ ਸੰਸਦ ‘ਚ ਸਾਨੂੰ ਬੋਲਣ ਨਹੀਂ ਦਿੰਦੀ। ਪਰ ਫਿਰ ਵੀ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਮਜ਼ਬੂਤਹਾਂ, ਅਸੀਂ ਪਿੱਛੇ ਨਹੀਂ ਹਟਾਂਗੇ ਅਤੇ ਤੁਹਾਡੀ ਰੱਖਿਆ ਕਰਾਂਗੇ।”
ਆਪਣੇ ਸੰਬੋਧਨ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਟਵੀਟ ਕਰਕੇ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ, “ਇਸ ਸਰਕਾਰ ਨੇ ਕੀ ਵਧਾਇਆ? ਬੇਰੁਜ਼ਗਾਰੀ, ਮਹਿੰਗਾਈ, ਗਰੀਬੀ ਅਤੇ ਸਿਰਫ਼ ਆਪਣੇ ‘ਦੋਸਤਾਂ’ ਦੀ ਕਮਾਈ।” ਆਪਣੇ ਟਵੀਟ ‘ਚ ਇਕ ਤਸਵੀਰ ਸਾਂਝੀ ਕਰਦਿਆਂ ਰਾਹੁਲ ਗਾਂਧੀ ਨੇ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਸਰਕਾਰ ਨੂੰ ਘੇਰਿਆ। ਰਾਹੁਲ ਗਾਂਧੀ ਵੱਲੋਂ ਸਾਂਝੀ ਕੀਤੀ ਗੀ ਇਸ ਤਸਵੀਰ ‘ਚ ਕਿਹਾ ਗਿਆ ਹੈ ਕਿ ਕੋਰੋਨਾ ਤੋਂ ਪਹਿਲਾਂ 9.9 ਕਰੋੜ ਲੋਕ ਮੱਧ ਆਮਦਨੀ ਸਮੂਹ ਦਾ ਹਿੱਸਾ ਸਨ। ਜਿਨ੍ਹਾਂ ਦੀ ਗਿਣਤੀ ਹੁਣ ਘੱਟ ਕੇ 6.6 ਕਰੋੜ ਹੋ ਗਈ ਹੈ। ਇਸ ਦੇ ਨਾਲ ਸਾਲ 2011 ਅਤੇ 2019 ਵਿਚਕਾਰ 5.7 ਕਰੋੜ ਲੋਕ ਘੱਟ ਆਮਦਨੀ ਸਮੂਹ ‘ਚੋਂ ਬਾਹਰ ਨਿਕਲ ਕੇ ਮੱਧ ਆਮਦਨੀ ਸਮੂਹ ਦਾ ਹਿੱਸਾ ਬਣੇ ਸਨ। ਇੰਨਾ ਹੀ ਨਹੀਂ, 2 ਡਾਲਰ ਕਮਾਉਣ ਵਾਲਿਆਂ ਦਾ ਅੰਕੜਾ 7.5 ਤਕ ਪਹੁੰਚ ਗਿਆ ਹੈ।
ਇਸ ਤੋਂ ਇਲਾਵਾ ਰਾਹੁਲ ਗਾਂਧੀ ਨੇ ਅਸਾਮ ਦੇ ਲੋਕਾਂ ਨਾਲ ਕੁਝ ਵਾਅਦੇ ਕੀਤੇ। ਰਾਹੁਲ ਨੇ ਅਸਾਮ ਦੀਆਂ ਔਰਤਾਂ ਅਤੇ ਸੂਬੇ ‘ਚ 5 ਲੱਖ ਲੋਕਾਂ ਨੂੰ ਹਰ ਮਹੀਨੇ 2 ਹਜ਼ਾਰ ਰੁਪਏ ਦੇਣ ਦੀ ਗੱਲ ਕਹੀ। ਸੂਬੇ ‘ਚ 5 ਲੱਖ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ।
ਇਸ ਤੋਂ ਬਾਅਦ ਜੋਰਹਾਟ ‘ਚ ਰੈਲੀ ਦੌਰਾਨ ਵੀ ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਇਹ ਸਰਕਾਰ ‘ਹਮ ਦੋ ਔਰ ਹਮਾਰੇ ਦੋ’ ਦੀ ਨੀਤੀ ਨਾਲ ਕੰਮ ਕਰ ਰਹੀ ਹੈ। ਗਰੀਬਾਂ, ਕਿਸਾਨਾਂ ਅਤੇ ਛੋਟੇ ਵਪਾਰੀਆਂ ਲਈ ਸੋਚਿਆ ਨਹੀਂ ਜਾ ਰਿਹਾ। ਵਧਦੀਆਂ ਕੀਮਤਾਂ ‘ਤੇ ਨਿਸ਼ਾਨਾ ਸਾਧਦਿਆਂ ਰਾਹੁਲ ਨੇ ਕਿਹਾ ਕਿ ਤੁਹਾਡੀ ਜੇਬ ‘ਚੋਂ ਪੈਸਾ ਕੱਢ ਕੇ ਸਰਮਾਏਦਾਰਾਂ ਦੀ ਜੇਬ ‘ਚ ਪਾਇਆ ਜਾ ਰਿਹਾ ਹੈ।