ਕੈਲਗਰੀ : ਕੈਲਗਰੀ ਦੀ ਸਾਊਥਸਾਈਡ ਵਿਕਟਰੀ ਚਰਚ ਨੂੰ ਪਬਲਿਕ ਹੈਲਥ ਐਕਟ ਦੀ ਉਲੰਘਣਾ ਕਰਨ ‘ਤੇ ਤਕਰੀਬਨ 2000 ਡਾਲਰ ਦਾ ਜੁਰਮਾਨਾ ਲਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ 6 ਦਸੰਬਰ ਸਾਊਥਸਾਈਡ ਵਿਕਟਰੀ ਚਰਚ ‘ਚ ਵੱਡਾ ਇਕੱਠ ਹੋਣ ਕਾਰਨ ਪੀ.ਐਚ.ਏ. ਦੀ ਉਲੰਘਣਾ ਕਰਨ ਤਹਿਤ ਦੋ ਟਿਕਟਾਂ ਜਾਰੀ ਕੀਤੀਆਂ ਗਈਆਂ ਹਨ। ਇਸ ਤੋਂ ਇਲ਼ਾਵਾ ਇੱਕ ਹੋਰ ਤੀਜੀ ਟਿਕਟ ਇਥੇ ਇਕੱਠੇ ਹੋਏ ਲੋਕਾਂ ਨੂੰ ਮਾਸਕ ਪਾਉਣ ਦੇ ਲਾਜ਼ਮੀ ਨਿਯਮ ਬਾਰੇ ਲੋਕਾਂ ਨੂੰ ਨਾ ਦੱਸਣ ‘ਤੇ ਜਾਰੀ ਕੀਤੀ ਗਈ ਹੈ। ਵੀਰਵਾਰ ਸ਼ਾਮ ਨੂੰ ਜਾਰੀ ਕੀਤੇ ਬਿਆਨ ‘ਚ ਕੈਲਗਰੀ ਸਿਟੀ ਨੇ ਕਿਹਾ ਕਿ ਪੀ.ਐਚ.ਏ. ਦੀ ਉਲੰਘਣਾ ਕਰਨ ਦੇ ਸਬੂਤ ਅੱਗੇ ਭੇਜੇ ਗਏ ਹਨ ਜਿਸ ਤਹਿਤ ਜੁਰਮਾਨਾ ਵਸੂਲਿਆ ਜਾਵੇਗਾ। ਆਰਡਰ ਵਿੱਚ ਕਿਹਾ ਗਿਆ ਕਿ ਇਥੇ ਬੀਤੇ ਦਿਨੀਂ ਹੋਏ ਇੱਕ ਸਮਾਗਮ ਦੌਰਾਨ ਆਡੀਟੋਰੀਅਮ ‘ਚ ਇੱਕਠੇ ਹੋਏ ਲੋਕਾਂ ਨੇ ਆਪਸੀ ਦੂਰੀ ਦੇ ਨਿਯਮ ਦੀ ਪਾਲਣਾ ਨਹੀਂ ਕੀਤੀ ਅਤੇ ਸਟਾਫ਼ ਮੈਂਬਰਾਂ ਵਲੋਂ ਮਾਸਕ ਵੀ ਨਹੀਂ ਸੀ ਪਾਇਆ ਗਿਆ। ਜਦੋਂ ਕਿ ਸਿਟੀ ਵਲੋਂ ਲਾਗੂ ਕੀਤੇ ਪੀ.ਐਚ.ਏ. ਦੇ ਤਹਿਤ ਵੱਡੇ ਇਕੱਠ ਕਰਨ ‘ਤੇ ਮਨਾਹੀ ਅਤੇ ਸਟਾਫ਼ ਦੀ ਗਿਣਤੀ ਵੀ ਸਿਰਫ਼ 15% ਤੱਕ ਸੀਮਤ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਕੈਲਗਰੀ ‘ਚ ਜੇਕਰ ਕੋਈ ਵੀ ਕਾਰੋਬਾਰੀ, ਧਾਰਮਿਕ ਸਥਾਨ ਇਸ ਐਕਟ ਦੀ ਉਲ਼ੰਘਣਾ ਕਰਦਾ ਹੈ ਤਾਂ ਉਸ ਨੂੰ ਘੱਟੋ ਘੱਟ 1200 ਡਾਲਰ ਦੀ ਟਿਕਟ ਜਾਰੀ ਕੀਤੀ ਜਾਂਦੀ ਹੈ ਜਦੋਂ ਕਿ ਮਾਸਕ ਨਾ ਪਾਉਣ ‘ਤੇ 200 ਡਾਲਰ ਦਾ ਜੁਰਮਾਨਾ ਕੀਤਾ ਜਾਂਦਾ ਹੈ। ਪਿਛਲੇ ਹਫ਼ਤੇ ਹੀ ਸਿਟੀ ਕੌਂਸਲ ਵਲੋਂ ਕੋਵਿਡ-19 ਦੇ ਲਗਾਤਾਰ ਵਾਧਦੇ ਮਾਮਲਿਆਂ ਤਹਿਤ ਜੁਰਮਾਨੇ ਦੁਗਣੇ ਕਰ ਦਿੱਤੇ ਗਏ ਹਨ।